‘ਦ ਖ਼ਾਲਸ ਬਿਊਰੋ :- ਗੁਜਰਾਤ ਦੀ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਸਾਰੇ 11 ਦੋਸ਼ੀਆਂ ਨੂੰ 15 ਅਗਸਤ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਸਾਰੇ ਗੋਧਰਾ ਜੇਲ੍ਹ ਵਿੱਚ ਬੰਦ ਸਨ। ਸਾਰੇ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਮੁਆਫ਼ੀ ਯੋਜਨਾ ਤਹਿਤ ਰਿਹਾਅ ਕਰ ਦਿੱਤਾ ਗਿਆ ਹੈ।
ਕੀ ਹੈ ਮਾਮਲਾ ?
ਸਾਲ 2002 ਵਿੱਚ ਗੁਜਰਾਤ ਦੀ ਬਿਲਕਿਸ ਬਾਨੋ ਨੇ ਆਪਣੀਆਂ ਅੱਖਾਂ ਸਾਹਮਣੇ ਮਾਂ, ਛੋਟੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪਰਿਵਾਰ ਦੇ 14 ਜੀਆਂ ਦਾ ਕਤਲ ਹੁੰਦਿਆਂ ਹੋਇਆ ਦੇਖਿਆ, ਜਿਸ ਵਿੱਚ ਉਨ੍ਹਾਂ ਦੀ ਆਪਣੀ ਧੀ ਵੀ ਸ਼ਾਮਿਲ ਸੀ। ਗੈਂਗ ਰੇਪ ਦਾ ਸ਼ਿਕਾਰ ਬਣ ਕੇ ਅਧਮਰੀ ਹਾਲਤ ‘ਚ ਕਈ ਘੰਟਿਆਂ ਤੱਕ ਪਏ ਰਹਿਣ ਤੋਂ ਬਾਅਦ ਫਿਰ ਹੋਸ਼ ਆਉਣ ‘ਤੇ ਬੜੀ ਮੁਸ਼ਕਿਲ ਨਾਲ ਕੋਲ ਦੀ ਪਹਾੜੀ ‘ਤੇ ਲੁਕ ਕੇ ਉਨ੍ਹਾਂ ਨੇ ਆਪਣੀ ਜਾਨ ਬਚਾਈ ਸੀ। ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਬਿਲਕਿਸ ਬਾਨੋ ਦੀ ਉਮਰ ਕਰੀਬ 20 ਸਾਲ ਦੀ ਹੀ ਹੋਵੇਗੀ। ਜਦੋਂ ਇਹ ਹਾਦਸਾ ਹੋਇਆ ਤਾਂ ਬਿਲਕਿਸ ਬਾਨੋ ਆਪਣੇ ਪਿਤਾ ਦੇ ਪਿੰਡੋਂ ਪਰਿਵਾਰ ਦੇ ਲੋਕਾਂ ਨਾਲ ਦੂਜੇ ਪਿੰਡ ਜਾ ਰਹੀ ਸੀ। ਸਾਲ 2002 ਵਿੱਚ ਜਦੋਂ ਬਿਲਕਿਸ ਨਾਲ ਬਲਾਤਕਾਰ ਹੋਇਆ ਤਾਂ ਉਹ ਉਸ ਵੇਲੇ ਗਰਭਵਤੀ ਸੀ। ਉਨ੍ਹਾਂ ਦੀ ਤਿੰਨ ਸਾਲ ਦੀ ਧੀ ਸਾਲੇਹਾ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਪੁਲਿਸ ਅਤੇ ਪ੍ਰਸ਼ਾਸਨ ਨੇ ਬਾਨੋ ਨੂੰ ਕੇਸ ਦਰਜ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਧਮਕੀਆਂ ਦਿੱਤੀਆਂ, ਸਬੂਤ ਨਸ਼ਟ ਕਰ ਦਿੱਤੇ, ਪੋਸਟਮਾਰਟਮ ਤੋਂ ਬਿਨਾਂ ਹੀ ਲਾਸ਼ਾਂ ਨੂੰ ਦਫ਼ਨਾ ਦਿੱਤਾ ਗਿਆ ਸੀ। ਡਾਕਟਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਿਲਕਿਸ ਬਾਨੋ ਨਾਲ ਬਲਾਤਕਾਰ ਨਹੀਂ ਹੋਇਆ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਅਪਰਾਧ ਦੀ ਗੰਭੀਰਤਾ ਅਤੇ ਹਮਲਾਵਰਾਂ ਦੀ ਪਛਾਣ ਦੇ ਬਾਵਜੂਦ, ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ 2004 ਵਿੱਚ ਕੀਤੀ ਗਈ ਸੀ। ਇਹ ਗ੍ਰਿਫ਼ਤਾਰੀ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਬਾਅਦ ਹੋਈ ਸੀ।