ਮਾਸਕ ਨਾ ਪਾਉਣ ‘ਤੇ ਸਰਕਾਰ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹੋਏ ਨੇ
‘ਦ ਖ਼ਾਲਸ ਬਿਊਰੋ : 2 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਆਪਣੇ ਵੱਲੋਂ ਬਣਾਏ ਗਏ ਨਿਰਦੇਸ਼ਾਂ ਵਿੱਚ ਫਸ ਦੀ ਹੋਈ ਨਜ਼ਰ ਆ ਰਹੀ ਹੈ। ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਮਾਸਕ ਨੂੰ ਜ਼ਰੂਰੀ ਕਰ ਦਿੱਤਾ ਸੀ ਪਰ ਸਰਕਾਰੀ ਪ੍ਰੋਗਰਾਮਾਂ ਵਿੱਚ ਇਸ ਦੀ ਲਾਪਰਵਾਹੀ ਵੇਖਣ ਨੂੰ ਮਿਲ ਰਹੀ ਹੈ। ਪਹਿਲਾਂ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮ ਵਿੱਚ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੇ ਕਾਲੇ ਮਾਸਕ ਉਤਰਵਾਏ ਗਏ ਅਤੇ ਬਦਲੇ ਵਿੱਚ ਦੂਜੇ ਮਾਕਸ ਵੀ ਨਹੀਂ ਦਿੱਤੇ ਗਏ ਹੁਣ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਮਾਸਕ ਨਾ ਪਾਉਣ ਦੇ ਚੱਕਰ ਵਿੱਚ ਵਿਵਾਦਾਂ ਵਿੱਚ ਹਨ।
ਹਰਜੋਤ ਬੈਂਸ ਨੇ ਮੰਗੀ ਮੁਆਫੀ
ਕੈਬਨਿਟ ਮੰਤਰੀ ਹਰਜੋਤ ਬੈਂਸ ਕੁਝ ਦਿਨ ਪਹਿਲਾਂ ਹੀ ਕੋਵਿਡ ਤੋਂ ਠੀਕ ਹੋਏ ਹਨ ਪਰ ਇਸ ਦੇ ਬਾਵਜੂਦ ਹੁਸ਼ਿਆਰਪੁਰ ਵਿੱਚ ਜਦੋਂ ਜ਼ਿਲ੍ਹਾਂ ਪੱਧਰੀ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ । ਜਦੋਂ ਮੰਤਰੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੁਆਫੀ ਮੰਗ ਲਈ ਅਤੇ ਕਿਹਾ ਕਿ ਉਹ ਹੁਣੇ ਮਾਸਕ ਪਾ ਲੈਂਦੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਸਰਕਾਰ ਸਿਰਫ਼ ਕਾਨੂੰਨ ਲੋਕਾਂ ਦੇ ਲਈ ਜਾਰੀ ਕਰਦੀ ਹੈ ਜਾਂ ਆਪ ਵੀ ਉਸ ‘ਤੇ ਅਮਲ ਕਰਦੀ ਹੈ। ਕਾਨੂੰਨ ਦਾ ਪਾਲਣ ਕਰਵਾਉਣ ਦੇ ਲਈ ਪਹਿਲਾਂ ਸਿਆਸਤਦਾਨਾਂ ਨੂੰ ਆਪ ਵੀ ਉਦਾਹਰਣ ਪੇਸ਼ ਕਰਨਾ ਹੋਵੇਗਾ।
ਪੰਜਾਬ ਵਿੱਚ ਰੋਜ਼ਾਨਾ ਕੋਵਿਡ ਦੇ 400 ਤੋਂ ਵਧ ਮਾਮਲੇ
ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਰੋਜ਼ਾਨਾ 400 ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਤੋਂ ਬਾਅਦ ਸਰਕਾਰ ਨੇ ਮਾਸਕ ਪਾਉਣ ਦੇ ਨਿਰਦੇਸ਼ ਦਿੱਤੇ ਸਨ । 13 ਅਗਸਤ ਨੂੰ ਜਾਰੀ ਹੁਕਮਾਂ ਮੁਤਾਬਿਕ ਸਿੱਖਿਅਕ ਅਧਾਰਿਆਂ,ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿੱਚ ਮਾਸਕ ਨੂੰ ਜ਼ਰੂਰੀ ਕਰ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਇੰਡੋਰ ਅਤੇ ਆਉਟ ਡੋਰ ਇਕੱਠ ਵਿੱਚ ਵੀ ਮਾਸਕ ਨੂੰ ਲਾਜ਼ਮੀ ਬਣਾਇਆ ਗਿਆ ਸੀ। ਜਨਤਕ ਥਾਵਾਂ ‘ਤੇ ਬਿਨਾਂ ਮਾਸਕ ਨਿਕਲਣ ਖਿਲਾਫ਼ ਸਰਕਾਰ ਨੇ ਗਾਇਡ ਲਾਇਨ ਜਾਰੀ ਕੀਤੀਆਂ ਸਨ। ਸਾਰੇ ਜ਼ਿਲ੍ਹਿਆਂ ਦੇ ਡੀਸੀ ਐੱਸਐੱਸਪੀ,ਪੁਲਿਸ ਕਮਿਸ਼ਨਰ ਅਤੇ ਸਿਵਲ ਸਰਜਨਾਂ ਨੂੰ ਇਸ ਹੁਕਮ ਦੇ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਹੁਣ ਤੱਕ ਸਰਕਾਰ ਦੇ 2 ਮੰਤਰੀ ਕੋਰੋਨਾ ਪੋਜ਼ੀਟਿਵ ਹੋਏ
ਪੰਜਾਬ ਸਰਕਾਰ ਦੇ 2 ਮੰਤਰੀ ਹੁਣ ਤੱਕ ਕੋਰੋਨਾ ਪੋਜ਼ੀਟਿਵ ਹੋ ਚੁੱਕੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਅਨਮੋਲ ਗਗਨ ਮਾਨ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ਇਸ ਤੋਂ ਬਾਅਦ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਵੀ ਜਦੋਂ ਕੋਰੋਨਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਵੀ ਪੋਜ਼ੀਟਿਵ ਆਈ। ਰੋੜੀ ਦੇ ਸੰਪਰਕ ਵਿੱਚ ਆਉਣ ਦੀ ਵਜ੍ਹਾਂ ਕਰਕੇ ਸਪੀਕਰ ਕੁਲਤਾਰ ਸੰਧਵਾਂ ਵੀ ਕੁਆਰੰਟੀਨ ਹੋ ਗਏ ਸਨ। ਪੰਜਾਬ ਦੇ ਰਾਜਪਾਲ ਦੀ ਤਬੀਅਤ ਵੀ ਕੁਝ ਦਿਨਾਂ ਤੋਂ ਖ਼ਰਾਬ ਸੀ ਜਦੋਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪੋਜ਼ੀਟਿਵ ਆਈ ।