Punjab

CM ਮਾਨ ਦਾ ਪੰਜਾਬ ਦੀਆਂ ਧੀਆਂ ਨੂੰ ਤੋਹਫਾ

ਦ ਖ਼ਾਲਸ ਬਿਊਰੋ : ਹੁਣ ਪੰਜਾਬ ਦੀਆਂ 6000 ਭੈਣਾਂ ਨੂੰ ਰੁਜ਼ਗਾਰ ਮਿਲੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰੱਖੜ ਪੁੰਨਿਆ ਉੱਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਤੋਹਫਾ ਦਿੰਦਿਆਂ ਆਂਗਨਵਾੜੀ ਦੀਆਂ 6000 ਪੋਸਟਾਂ ਦਾ ਐਲਾਨ ਕੀਤਾ ਹੈ, ਜਿਸਦਾ ਨੋਟੀਫਿਕੇਸ਼ਨ ਜਲਦ ਜਾਰੀ ਹੋ ਜਾਵੇਗਾ।

ਮੁੱਖ ਮੰਤਰੀ ਮਾਨ ਨੇ 4300 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਵੀ ਦਾਅਵਾ ਕੀਤਾ ਹੈ ਜਿਨ੍ਹਾਂ ਨੂੰ ਅਗਲੇ ਹਫ਼ਤੇ ਨਿਯੁਕਤੀ ਪੱਤਰ ਸੌਂਪੇ ਜਾਣਗੇ। ਮੁੱਖ ਮੰਤਰੀ ਮਾਨ ਨੇ ਸੂਬੇ ਵਿੱਚ 16 ਹੋਰ ਮੈਡੀਕਲ ਕਾਲਜ ਖੋਲ੍ਹਣ ਦਾ ਐਲ਼ਾਨ ਵੀ ਕੀਤਾ ਹੈ। ਜੇ ਪੰਜਾਬ ਵਿੱਚ ਇਹ ਕਾਲਜ ਖੁੱਲ੍ਹ ਜਾਂਦੇ ਹਨ ਤਾਂ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ।

ਮਾਝਾ ਇਲਾਕੇ ਵਿੱਚ ਪਹੁੰਚੇ ਮੁੱਖ ਮੰਤਰੀ ਮਾਨ ਨੇ ਮਾਝਾ ਨਿਵਾਸੀਆਂ ਨੂੰ ਵੀ ਕਈ ਤੋਹਫਿਆਂ ਦੇ ਨਾਲ ਨਿਵਾਜਿਆ। ਭਗਵੰਤ ਮਾਨ ਨੇ ਮਾਝਾ ਇਲਾਕੇ ਵਿੱਚ ਦੋ ਕਮਿਊਨਿਟੀ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਮੈਡੀਕਲ ਕਾਲਜ ਮਲੇਰਕੋਟਲਾ ਅਤੇ ਇੱਕ ਖੇਤੀਬਾੜੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿੱਚ ਖੋਲਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਨਵੀਆਂ ਸੜਕਾਂ ਬਣਾਉਣ ਦਾ ਵੀ ਦਾਅਵਾ ਕੀਤਾ।

ਮੁੱਖ ਮੰਤਰੀ ਮਾਨ ਨੇ ਮੰਡੀਆਂ ਨੂੰ ਅਪਗ੍ਰੇਡ ਕਰਨ ਦੇ ਨਾਲ ਨਾਲ ਬੇਮੌਸਮੀ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਦੇ ਮਾਲਕਾਂ ਸਮੇਤ ਖੇਤ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਝੋਨੇ ਤੋਂ ਖਹਿੜਾ ਛੁਡਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਵੀਂ ਫਸਲ ਦੇ ਲਈ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਜਿਵੇਂ ਮੂੰਗ ਦੀ ਫਸਲ ਲਈ ਖੜੀ ਸੀ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਉੱਤੇ ਵੀ ਖੂਬ ਤੰਜ ਕਸੇ।

ਦਰਅਸਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਾਰੀ ਆਈ.ਟੀ.ਆਈ. ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਵੀ ਮੌਜੂਦ ਸਨ। ਇਸ ਵਾਰ ਆਮ ਆਦਮੀ ਪਾਰਟੀ ਤੋਂ ਇਲਾਵਾ ਰੱਖੜ ਪੁੰਨਿਆ ਮੌਕੇ ਕਿਸੇ ਹੋਰ ਸਿਆਸੀ ਪਾਰਟੀ ਨੇ ਬਾਬਾ ਬਕਾਲਾ ਵਿਖੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ।

ਬਾਬਾ ਬਕਾਲਾ ਇੱਕ ਇਤਿਹਾਸਕ ਨਗਰ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਨੌਵੇਂ ਪਾਤਸ਼ਾਹ ਜੀ ਨੇ ਇਸ ਅਸਥਾਨ ‘ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ।

ਇਤਿਹਾਸ ਵਿਚ ਰੱਖੜੀ ਦੇ ਤਿਉਹਾਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂ ਬਾਬਾ ਬਕਾਲਾ ਸਾਹਿਬ ਨਗਰ ਨਾਲ ਕੋਈ ਵੀ ਸੰਬੰਧ ਨਹੀਂ ਹੈ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਇਹ ਮੇਲਾ ਰੱਖੜ ਪੁੰਨਿਆ ਨਾਲ ਪ੍ਰਸਿੱਧ ਹੋ ਗਿਆ ਅਤੇ ਲੰਬੇ ਸਮੇਂ ਤੋਂ ਪੁਰਾਤਨ ਰਹੁ-ਰੀਤਾਂ ਮੁਤਾਬਕ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ,ਧਾਰਮਿਕ ਦੀਵਾਨ ਤੇ ਅੰਮ੍ਰਿਤ ਸੰਚਾਰ ਹੁੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਤਮਸਤਕ ਹੋਣ ਲਈ ਪਹੁੰਚੇ ਹਨ।