‘ਦ ਖ਼ਾਲਸ ਬਿਊਰੋ :- ਬਿਕਰਮ ਸਿੰਘ ਮਜੀਠੀਆ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਕੁਰਸੀ ਹੋਰ ਖਤਰੇ ਵਿੱਚ ਦਿਸਣ ਲੱਗ ਪਈ ਹੈ। ਸ਼ਾਇਦ ਇਸੇ ਕਰਕੇ ਦੂਜੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਕਬਾਲ ਸਿੰਘ ਝੂੰਦਾਂ ਦੀ ਕਮੇਟੀ ਬਾਰੇ ਬੋਲਦਿਆਂ ਫੇਰ ਦਾਅਵਾ ਕੀਤਾ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਵਿੱਚ ਪ੍ਰਧਾਨ ਨੂੰ ਬਦਲਣ ਬਾਰੇ ਕੋਈ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨ ਸੀ, ਹਨ ਅਤੇ ਰਹਿਣਗੇ।
ਵਲਟੋਹਾ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਾ ਭਰੋਸਾ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੀ ਅਗਵਾਈ ਉੱਤੇ ਮਾਣ ਹੈ। ਉਨ੍ਹਾਂ ਨੇ ਬਾਦਲ ਦੀ ਤਾਰੀਫ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਇੱਕ ਦੂਰ-ਸੰਦੇਸ਼ੀ, ਨਿਮਰ ਸੁਭਾਅ ਵਾਲਾ, ਨਾਲ ਡਟਣ ਵਾਲਾ ਅਤੇ ਵਿਰੋਧੀਆਂ ਵਿੱਚ ਭੈਅ ਪੈਦਾ ਕਰਨ ਵਾਲਾ ਪ੍ਰਧਾਨ ਹੈ।
ਵਲਟੋਹਾ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਈ ਪਾਰਟੀ ਜ਼ਾਬਤੇ ਤੋਂ ਬਾਹਰ ਜਾ ਕੇ ਕੋਈ ਬਿਆਨ ਦਿੰਦਾ ਹੈ ਜੋ ਪਾਰਟੀ ਪ੍ਰਤੀ ਹਾਨੀਕਾਰਕ ਹੈ, ਉਹ ਪਾਰਟੀ ਹਿਤੈਸ਼ੀ ਨਹੀਂ ਹੈ ਅਤੇ ਅਜਿਹੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਅੱਜ ਤੋਂ ਬਾਅਦ ਕਿਸੇ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਵਲਟੋਹਾ ਨੇ ਸਿਮਰਨਜੀਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਦੀਆਂ ਚੋਣਾਂ ਵੇਲੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਦੋਵੇਂ ਰਾਸ਼ਟਰਪਤੀ ਉਮੀਦਵਾਰਾਂ ਨੂੰ ਕੌਮੀ ਮਸਲਿਆਂ ਬਾਰੇ ਚਿੱਠੀ ਲਿਖੀ ਸੀ ਕਿ ਜੇ ਜਿਹੜਾ ਵੀ ਉਨ੍ਹਾਂ ਨੂੰ ਹਾਂ-ਪੱਖੀ ਜਵਾਬ ਦੇਵੇਗਾ, ਉਹ ਉਸਨੂੰ ਵੋਟ ਪਾਉਣਗੇ ਪਰ ਜਵਾਬ ਤਾਂ ਕੋਈ ਨਹੀਂ ਆਇਆ ਸੀ ਪਰ ਮਾਨ ਨੇ ਵੋਟ ਕਾਂਗਰਸ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਪਾ ਦਿੱਤੀ। ਵਲਟੋਹਾ ਨੇ ਅਕਾਲੀ ਆਗੂ ਮਨਪ੍ਰੀਤ ਇਆਲੀ ਉੱਤੇ ਵੀ ਬਿਨਾਂ ਨਾਂ ਲਏ ਨਿਸ਼ਾਨਾ ਕਸਿਆ।