ਕੋਟਕਪੂਰਾ ਤੋਂ ਦੂਜੀ ਵਾਰ ਆਪ ਦੀ ਟਿਕਟ ਤੋਂ ਜਿੱਤ ਕੇ ਪੰਜਾਬ ਵਿਧਾਨਸਭਾ ਦੇ ਸਪੀਕਰ ਬਣੇ ਕੁਲਤਾਰ ਸੰਧਵਾਂ

‘ਦ ਖ਼ਾਲਸ ਬਿਊਰੋ :- ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਕਾਫਲੇ ਦੇ ਨਾਲ ਕਿਧਰੇ ਜਾ ਰਹੇ ਸਨ ਪਰ ਰਸਤੇ ਵਿੱਚ ਕਾਫਲਾ ਰੁਕਦਾ ਹੈ ਅਤੇ ਸੁਰੱਖਿਆ ਮੁਲਾਜ਼ਮ ਇੱਕ ਟਰੱਕ ਡਰਾਇਵਰ ਨਾਲ ਉਲਝ ਜਾਂਦੇ ਹਨ। ਵਾਇਰਲ ਵੀਡੀਓ ਵਿੱਚ ਇਹ VIP ਕਾਫਲਾ ਸਪੀਕਰ ਕੁਲਤਾਰ ਸੰਧਵਾਂ ਦਾ ਹੈ। ਵੀਡੀਓ ਵਿੱਚ ਆਵਾਜ਼ ਆ ਰਹੀ ਹੈ ਕਿ ਟਰੱਕ ਡਰਾਇਵਰ ਵੱਲੋਂ ਰਸਤਾ ਨਾ ਦੇਣ ਦੀ ਵਜ੍ਹਾ ਕਰਕੇ ਸੁਰੱਖਿਆ ਮੁਲਾਜ਼ਮਾਂ ਨੇ ਟਰੱਕ ਡਰਾਇਵਰ ਨਾਲ ਕੁੱਟਮਾਰ ਕੀਤੀ ਹੈ। ਡਰਾਇਵਰ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਜਾਂ ਫਿਰ ਛੱਡ ਦਿੱਤਾ ਗਿਆ, ਇਸ ਦੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਵੀਡੀਓ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਹੈ।

ਸਿਰਫ਼ VIP ਕਾਫਲੇ ਨੂੰ ਸਾਇਡ ਨਾ ਦੇਣ ਦੀ ਵਜ੍ਹਾ ਕਰਕੇ ਡਰਾਇਵਰ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ, ਕੁਲਤਾਰ ਸੰਧਵਾਂ ਨੂੰ ਸ਼ਾਂਤ ਸੁਭਾਅ ਲਈ ਜਾਣਿਆ ਜਾਂਦਾ ਹੈ। ਵਿਧਾਨਸਭਾ ਦੇ ਅੰਦਰ ਵੀ ਜਿਸ ਤਰ੍ਹਾਂ ਉਨ੍ਹਾਂ ਨੇ ਸਾਰੇ ਧਿਰਾਂ ਦੇ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਸੀ ਤਾਂ ਵਿਰੋਧੀ ਧਿਰਾਂ ਨੇ ਵੀ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਸੀ। ਵਾਇਰਲ ਵੀਡੀਓ ਨੂੰ ਵੇਖਣ ਵਾਲੇ ਲੋਕ ਆਮ ਆਦਮੀ ਸਰਕਾਰ ਦੀ VIP ਸੁਰੱਖਿਆ ਨੂੰ ਲੈਕੇ ਵੀ ਸਵਾਲ ਚੁੱਕ ਰਹੇ ਹਨ।

ਹਾਲਾਂਕਿ, ਇਸ ਵੀਡੀਓ ‘ਤੇ ਕੁਲਤਾਰ ਸੰਧਵਾਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੰਮ੍ਰਿਤਸਰ ਸਾਹਿਬ ਜਾਂਦਿਆਂ ਜਿਸ ਕਾਰ ਵਿਚ ਮੈਂ ਸਵਾਰ ਸਾਂ, ਉਸਦੇ ਇਕ ਪਾਸੇ ਟਰੱਕ ਵਾਲੇ ਨੇ ਟੱਕਰ ਮਾਰ ਦਿੱਤੀ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬਚਾ ਹੋ ਗਿਆ,ਮੇਰੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਵੀ ਹੋਇਆ,ਮਾਫ਼ੀ ਚਾਹੁੰਦਾ ਹਾਂ। ਪਰ ਸੜਕ ਉੱਤੇ ਅਜਿਹੀ ਜਾਨਲੇਵਾ ਲਾਪ੍ਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ।