International

Commonwealth games ਤੋਂ 2 ਮੁੱਕੇਬਾਜ਼ ਗਾਇਬ ! ਫੈਡਰੇਸ਼ਨ ਤਲਾਸ਼ ‘ਚ ਜੁੱਟੀ

ਯੂਰੋਪ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਭੱਜਣ ਦਾ ਸ਼ੱਕ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਕਾਮਨਵੈਲਥ ਖੇਡਾਂ ਖ਼ਤਮ ਹੋਣ ਤੋਂ ਬਾਅਦ ਇੱਕ ਵਿਵਾਦਿਤ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ 2 ਮੁੱਕੇਬਾਜ਼ਾਂ ਦੇ ਗਾਇਬ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਫੈਡਰੇਸ਼ਨ ‘ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ, ਫੈਡਰੇਸ਼ਨ ਦੋਵੇਂ ਮੁੱਕੇਬਾਜ਼ਾਂ ਦੀ ਤਲਾਸ਼ ਕਰ ਰਹੀ ਹੈ। ਲਾਪਤਾ ਹੋਣ ਵਾਲੇ ਦੋਵੇਂ ਮੁੱਕੇਬਾਜ਼ਾਂ ਨੇ ਮੁਕਾਬਲਿਆਂ ਵਿੱਚ ਕੋਈ ਮੈਡਲ ਨਹੀਂ ਜਿੱਤਿਆ ਸੀ। ਮੰਨਿਆ ਜਾ ਰਿਹਾ ਹੈ ਕਿ ਮੁੱਕੇਬਾਜ਼ ਯੂਰੋਪੀਅਨ ਦੇਸ਼ਾਂ ਵਿੱਚ ਆਪਣਾ ਭਵਿੱਖ ਤਲਾਸ਼ਨ ਦੇ ਲਈ ਆਪ ਹੀ ਗਾਇਬ ਹੋਏ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਖਿਡਾਰੀਆਂ ਨੇ ਅਜਿਹਾ ਕੀਤਾ ਸੀ।

ਗਾਇਬ ਹੋਣ ਵਾਲੇ ਦੋਵੇਂ ਖਿਡਾਰੀਆਂ ਦਾ ਨਾਂ ਸੁਲੇਮਾਨ ਬਲੋਚ ਅਤੇ ਨਜੀਰ ਉੱਲਾ ਹੈ। ਇਹ ਦੋਵੇਂ ਉਸ ਵੇਲੇ ਗਾਇਬ ਹੋਏ ਜਦੋਂ ਬਾਕੀ ਖਿਡਾਰੀ ਟੀਮ ਬੱਸ ਵਿੱਚ ਸਵਾਰ ਹੋ ਰਹੇ ਸਨ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਇਸਲਾਮਾਬਾਦ ਜਾਣ ਵਾਲੀ ਫਲਾਇਟ ਵਿੱਚ ਬੈਠਣਾ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਯਾਤਰਾ ਨਾਲ ਜੁੜੇ ਸਾਰੇ ਦਸਤਾਵੇਜ਼ ਪਾਕਿਸਤਾਨੀ ਅਫਸਰਾਂ ਦੇ ਕੋਲ ਹਨ। ਪਾਕਿਸਤਾਨ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਇੰਗਲੈਂਡ ਦੀ ਸਰਕਾਰ ਨੂੰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੁਲੇਮਾਨ ਅਤੇ ਨਜੀਰ ਦੋਵੇਂ ਇਸਲਾਮਾਬਾਦ ਵਿੱਚ ਹੀ ਕਿੱਧਰੇ ਲੁਕੇ ਹੋਏ ਹਨ। ਉੱਧਰ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਇਸ ਮਾਮਲੇ ਨੂੰ ਕਾਫ਼ੀ ਸੰਜੀਦਗੀ ਨਾਲ ਲੈ ਰਹੀ ਹੈ। ਜਾਂਚ ਦੇ ਲਈ 4 ਮੈਂਬਰਾਂ ਦੀ ਸਪੈਸ਼ਲ ਟੀਮ ਬਣਾਈ ਗਈ ਹੈ। ਟੀਮ ਮੁੱਕੇਬਾਜ਼ਾਂ ਦੇ ਸਾਰੇ ਦਸਤਾਵੇਜ਼ ਚੈੱਕ ਕਰ ਰਹੀ ਹੈ ਕਿ ਬ੍ਰਿਟੇਨ ਵਿੱਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਤਾਂ ਨਹੀਂ ਸੀ।

ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੁੰਦਾ ਹੈ ਤਾਂ ਉਹ ਹਾਈ ਵੋਲਟੇਜ ਹੁੰਦਾ ਹੈ। ਸਾਲ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵੱਖ-ਵੱਖ ਖੇਡਾਂ ਵਿੱਚ ਆਹਮੋ ਸਾਹਮਣੇ ਰਹੀਆਂ। ਭਾਰਤ ਨੇ 10 ਮੁਕਾਬਲਿਆਂ ਵਿੱਚ ਪਾਕਿਸਤਾਨ ਨੂੰ ਹਰਾਇਆ ਹੈ।