ਸਾਧੂ ਸਿੰਘ ਧਰਮਸੋਤ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ੍ਹ ਵਿੱਚ ਬੰਦ, ਸੰਗਤ ਸਿੰਘ ਗਿਲਜ਼ੀਆ, ਭਾਰਤ ਭੂਸ਼ਣ ਆਸ਼ੂ ਅਤੇ ਤ੍ਰਿਪਤ ਰਜਿੰਦਰ ਬਾਜਵਾ ਸਰਕਾਰ ਦੀ ਰਡਾਰ ‘ਤੇ
‘ਦ ਖ਼ਾਲਸ ਬਿਊਰੋ :- ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਬਾਅਦ ਹੁਣ ਕਾਂਗਰਸ ਦੇ ਇੱਕ ਹੋਰ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਜੀਲੈਂਸ ਬਿਊਰੋ ਦੇ ਘੇਰੇ ਵਿੱਚ ਹਨ। ਬਿਊਰੋ ਵੱਲੋਂ ਪਿੰਡ ਆਕੜੀ ਦੇ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਜਲਾਲਪੁਰ ਦੀ ਭੂਮਿਕਾ ਵੀ ਕਰੋੜਾਂ ਦੇ ਪੰਚਾਇਤ ਫੰਡ ਨੂੰ ਲੈਕੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਕਾਂਗਰਸ ਸਰਕਾਰ ਵੇਲੇ ਵੀ ਜਲਾਲਪੁਰ ‘ਤੇ ਨਜਾਇਜ਼ ਸ਼ਰਾਬ ਦੇ ਕਈ ਇਲਜ਼ਾਮ ਲੱਗੇ ਸਨ। ਜਲਾਲਪੁਰ ਫਿਲਹਾਲ ਆਸਟ੍ਰੇਲੀਆ ਵਿੱਚ ਨੇ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਪੰਜਾਬ ਆਉਣਗੇ ਤਾਂ ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ।
ਸਰਪੰਚ ‘ਤੇ 12 ਕਰੋੜ ਤੋਂ ਵੱਧ ਹੇਰਾਫੇਰੀ ਦਾ ਇਲਜ਼ਾਮ
ਵਿਜੀਲੈਂਸ ਬਿਊਰੋ ਨੇ ਆਕੜੀ ਦੀ ਜਿਸ ਸਰਪੰਚ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ‘ਤੇ ਪੰਚਾਇਤੀ ਫੰਡਾਂ ਵਿੱਚ 12.24 ਕਰੋੜ ਦੀ ਹੇਰਾਫੇਰੀ ਦਾ ਇਲਜ਼ਾਮ ਲੱਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਜਲਾਲਪੁਰ ਦੇ ਜ਼ਰੀਏ ਲੈਣ-ਦੇਣ ਹੋਇਆ ਹੈ, ਜਿਸ ਤੋਂ ਬਾਅਦ ਹੁਣ ਜਲਾਲਪੁਰ ਤੋਂ ਵਿਜੀਲੈਂਸ ਪੁੱਛ-ਗਿੱਛ ਦੀ ਤਿਆਰੀ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਮਦਨ ਲਾਲ ਜਲਾਲਪੁਰ ਦੀ ਕਰੀਬੀ ਹੈ। ਪੰਚਾਇਤ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਵੱਡਾ ਘੁਟਾਲਾ ਹੈ, ਜਿਸ ਵਿੱਚ ਕਈ ਅਫਸਰ ਵੀ ਹੁਣ ਤੱਕ ਸਸਪੈਂਡ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਮੰਤਰੀ ਧਾਲੀਵਾਲ ਨੇ ਇੱਕ ਪੰਚਾਇਤੀ ਜ਼ਮੀਨ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਖਿਲਾਫ਼ ਇੱਕ ਜਾਂਚ ਰਿਪੋਰਟ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਸੀ।
ਤ੍ਰਿਪਤ ਬਾਜਵਾ ਖਿਲਾਫ਼ ਇਲਜ਼ਾਮ
ਅੰਮ੍ਰਿਤਸਰ ਵਿੱਚ 28 ਕਰੋੜ ਦੇ ਜ਼ਮੀਨ ਘੁਟਾਲੇ ਵਿੱਚ ਸਾਬਕਾ ਮੰਤਰੀ ਦਾ ਨਾਂ ਸਾਹਮਣੇ ਆਇਆ ਸੀ। ਉਨ੍ਹਾਂ ਦੇ ਨਾਲ 2 IAS ਅਧਿਕਾਰੀ ਵੀ ਘੇਰੇ ਵਿੱਚ ਸਨ। ਸਰਕਾਰ ਵੱਲੋਂ ਬਣਾਈ ਗਈ 3 ਮੈਂਬਰੀ ਟੀਮ ਦੀ ਜਾਂਚ ਰਿਪੋਰਟ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਸੀ। ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਨੇ ਅਲਫਾ ਇੰਟਰਨੈਸ਼ਨਲ ਜ਼ਮੀਨ ਵੇਚੀ ਸੀ।
ਆਪ ਦੀ ਸਰਕਾਰ ਬਣਨ ਤੋਂ ਬਾਅਦ ਹੀ ਇਸ ਦੀ ਵਿਕਰੀ ਵਿੱਚ ਕਰੋੜਾਂ ਦੀ ਗੜਬੜੀ ਦਾ ਸ਼ੱਕ ਹੋਇਆ। 20 ਮਈ ਨੂੰ 3 ਮੈਂਬਰੀ ਜਾਂਚ ਟੀਮ ਬਣਾਈ ਗਈ, ਜਿਸ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਸੀ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਇਸ ਵਿੱਚ ਸਾਬਕਾ ਮੰਤਰੀ ਅਤੇ 2 IAS ਅਧਿਕਾਰੀ ਸ਼ਾਮਲ ਸਨ ਇਸ ਲਈ ਉਹ ਸਿੱਧੇ ਕਾਰਵਾਈ ਨਹੀਂ ਕਰ ਸਕਦੇ ਨੇ ਇਸੇ ਲਈ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਗਈ ,ਸ਼ੱਕ ਹੈ ਇਸ ਵਿੱਚ 28 ਕਰੋੜ ਦਾ ਘੁਟਾਲਾ ਹੋਇਆ ਹੈ