India Punjab Religion

75ਵੇਂ ਅੰਮ੍ਰਿਤ ਮਹੋਤਸਵ ‘ਤੇ SGPC ਦਾ ਨਿਰਦੇਸ਼, ਮੁਲਾਜ਼ਮ ਸਜਾਉਣ ਕਾਲੀਆਂ ਦਸਤਾਰਾਂ !

ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਉੱਤੇ SGPC ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਅੰਮ੍ਰਿਤ ਮਹੋਤਸਵ ਦਾ ਵਿਰੋਧ ਕੀਤਾ

‘ਦ ਖ਼ਾਲਸ ਬਿਊਰੋ :- ਅਜ਼ਾਦੀ ਦੇ 75ਵੇਂ ਦਿਹਾੜੇ ‘ਤੇ ਕੇਂਦਰ ਦੇ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮ ਦੇ ਵਿਰੋਧ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਆਪੋ-ਆਪਣੇ ਤਰੀਕੇ ਨਾਲ ਸੱਦਾ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਅਤੇ ਬਰਗਾੜੀ ਬੇਅਦਬੀ ਮੋਰਚੇ ਵੱਲੋਂ ਪੰਜਾਬ ਦੀ ਜਨਤਾ ਨੂੰ ਘਰਾਂ ‘ਤੇ ਕੇਸਰੀ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਹੈ ਤਾਂ SGPC ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੰਮ੍ਰਿਤ ਮਹੋਤਸਵ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਪਰ ਕਮੇਟੀ ਦਾ ਵਿਰੋਧ ਕਰਨ ਦਾ ਤਰੀਕਾ ਵੱਖਰਾ ਹੈ।

SGPC ਵੱਲੋਂ ਅੰਮ੍ਰਿਤ ਮਹੋਤਸਵ ਦਾ ਵਿਰੋਧ

ਪੂਰੇ ਦੇਸ਼ ਵਿੱਚ 13 ਤੋਂ 15 ਅਗਸਤ ਤੱਕ 75ਵਾਂ ਅੰਮ੍ਰਿਤ ਮਹੋਤਸਵ ਮਨਾਇਆ ਜਾਵੇਗਾ ਪਰ SGPC ਨੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ‘ਤੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇ ਖਿਲਾਫ਼ ਕਮੇਟੀ ਨੇ ਜ਼ਿਲ੍ਹਾ ਪੱਧਰ ‘ਤੇ 75ਵੇਂ ਅੰਮ੍ਰਿਤ ਮਹੋਤਸਵ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿੱਚ 13 ਅਗਸਤ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਇਸ ਦਿਨ ਵਿਰੋਧ ਵਿੱਚ ਕਾਲੀ ਦਸਤਾਰ ਸਜਾਉਣਗੇ ਜਦਕਿ ਮਹਿਲਾ ਮੁਲਾਜ਼ਮਾਂ ਨੂੰ ਕਾਲੇ ਦੁਪੱਟੇ ਪਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। SGPC ਪ੍ਰਧਾਨ ਨੇ ਕਿਹਾ ਕਿ ਦੇਸ਼ ਲਈ 80 ਫੀਸਦੀ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ ਪਰ ਇਹ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਸਿੱਖਾਂ ਦੇ ਨਾਲ ਬੇਗਾਨਿਆ ਵਰਗਾ ਸਲੂਕ ਹੋ ਰਿਹਾ ਹੈ।

ਗੁਰਦੁਆਰੇ ਵਿੱਚ ਅੰਮ੍ਰਿਤ ਮਹੋਤਸਵ ਦਾ ਵਿਰੋਧ

SGPC ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰੇ ਮੰਜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿੱਚ ਸੱਭਿਆਚਾਰਕ ਪ੍ਰੋਗਰਾਮ ਤੈਅ ਕਰਨ ਅਤੇ ਤਿਰੰਗਾ ਲਹਿਰਾਉਣ ਦੇ ਹੁਕਮਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰੇ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਦੇ ਮੁਤਾਬਿਕ ਹੀ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਇੱਥੇ ਸਿਰਫ਼ ਨਿਸ਼ਾਨ ਸਾਹਿਬ ਹੀ ਝੂਲ ਸਕਦਾ ਹੈ। ਹਾਲਾਂਕਿ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਵਾਪਸ ਲੈ ਲਿਆ ਪਰ SGPC ਨੇ ਪ੍ਰਸ਼ਾਸਨ ਦੇ ਇਸ ਫੈਸਲ ਨੂੰ ਗਲਤ ਦੱਸਿਆ ਹੈ।