India Punjab

ਰਾਘਵ ਚੱਢਾ ਨੇ ਪੰਜਾਬੀਆਂ ਨੂੰ ਸੁਝਾਅ ਦੇਣ ਦੀ ਕੀਤੀ ਅਪੀਲ, ਜਾਰੀ ਕੀਤਾ ਮੋਬਾਈਲ ਨੰਬਰ

ਦ ਖ਼ਾਲਸ ਬਿਊਰੋ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਵੱਡੀ ਪਹਿਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਆਪਣਾ ਮੋਬਾਈਲ ਨੰਬਰ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਲੋਕ ਮੈਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ ਤੇ ਨਾਲ ਹੀ ਸੁਝਾਅ ਵੀ ਦੇ ਸਕਦੇ ਹਨ। ਉਨ੍ਹਾਂ ਨੇ 99109-44444 ਨੰਬਰ ਜਾਰੀ ਕਰਕੇ ਲੋਕਾਂ ਨੂੰ ਇਸ ਨੰਬਰ ‘ਤੇ ਗੱਲ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿਚ ਆਵਾਜ਼ ਮੇਰੀ ਹੋਵੇਗੀ ਪਰ ਗੱਲ ਤੁਹਾਡੀ ਹੋਵੇਗੀ ਤੇ ਮੈਂ ਪਾਰਲੀਮੈਂਟ ਵਿਚ ਪੰਜਾਬੀਆਂ ਦੇ ਮਸਲੇ ਚੁੱਕਾਂਗਾ।

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ

ਇਸਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਹੈ। ਟਵੀਟ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ ਅਤੇ 9910944444 ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ।

ਦੱਸ ਦੇਈਏ ਕਿ ਰਾਘਵ ਚੱਢਾ ਰਾਘਵ ਚੱਢਾ ਇਨ੍ਹੀਂ ਦਿਨੀਂ ਸੰਸਦ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਵਿੱਚ ਕੇਂਦਰ ਕੋਲ ਪੰਜਾਬ ਦੇ ਕਈ ਅਹਿਮ ਮੁੱਦੇ ਉਠਾ ਰਹੇ ਹਨ। ਉਨ੍ਹਾਂ ਨੇ ਸੰਸਦ ਵਿੱਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰੀ ਬਣਾਉਣ ਦਾ ਬਿੱਲ ਪੇਸ਼ ਕੀਤਾ ਸੀ।

ਰਾਘਵ ਚੱਢਾ ਨੇ ਕਿਹਾ ਸੀ ਕਿ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਤੋਂ ਬਣਿਆ ਹੈ ‘ਪੰਜ ਆਬ’। ਪੰਜ ਦਰਿਆਵਾਂ ਦੇ ਨਾਂਅ ‘ਤੇ ਰੱਖੇ ਗਏ ਪੰਜਾਬ ਵਿੱਚ ਪਾਣੀ ਦੀ ਘਾਟ ਵਧਦੀ ਜਾ ਰਹੀ ਹੈ। ਇੱਥੇ ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਜਦੋਂ 1965 ਵਿੱਚ ਭਾਰਤ ਵਿੱਚ ਜਦੋਂ ਵੀ ਅਨਾਜ ਦੀ ਘਾਟ ਹੋਈ ਤਾਂ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਭਾਵੇਂ ਉਹ ਹਰੀ ਕ੍ਰਾਂਤੀ ਹੋਵੇ ਜਾਂ ਝੋਨੇ ਦੀ ਖੇਤੀ। ਇਸ ਨਾਲ ਦੇਸ਼ ਦਾ ਅੰਨ ਭੰਡਾਰ ਭਰਿਆ, ਪਰ ਅੱਜ ਪੰਜਾਬ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਉੁਨ੍ਹਾਂ ਨੇ ਮਾਨਸੂਨ ਸੈਸ਼ਨ ਵਿੱਚ ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀ ਉਡਾਣ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ।