Punjab

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਦਾ ਅਸਤੀਫਾ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ‘ਤੇ ਲਾਇਆ  ਗਲਤ ਵਿਵਹਾਰ ਦਾ ਦੋਸ਼

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਉੱਤੇ ਉਹਨਾਂ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਲਾਏ ਹਨ।ਜਿਸ ਤੋਂ ਵਾਈਸ ਚਾਂਸਲਰ ਬਹੁਤ ਨਿਰਾਸ਼ ਹੋਏ ਹਨ ਤੇ ਉਹਨਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਸ ਨੂੰ ਜ਼ਿੰਦਗੀ ਵਿੱਚ ਅਜਿਹੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ।


ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੰਘੇ ਕੱਲ੍ਹ ਮਾਲਵੇ ਦੇ 10 ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ ਸੀ। ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ।


ਮੰਤਰੀ ਦੇ ਹੁਕਮਾਂ ਮਗਰੋਂ ਵੀਸੀ ਬੈੱਡ ’ਤੇ ਲੇਟ ਗਏ। ਹਸਪਤਾਲ ਦੇ ਅਧਿਕਾਰੀਆਂ ਨੇ ਗੰਦੇ ਬੈੱਡਾਂ ’ਤੇ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ, ਜਿਸ ਦੀ ਜਾਣਕਾਰੀ ਪਹਿਲਾਂ ਹੀ ਮੰਤਰੀ ਨੂੰ ਮਿਲ ਗਈ ਸੀ। ਸਿਹਤ ਮੰਤਰੀ ਨੇ ਜਿਥੇ ਹਸਪਤਾਲ ਦੇ ਪ੍ਰਬੰਧਾਂ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਤੇ ਵੀਸੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਹਨ। ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਨਾਰਾਜ਼ ਵੀ.ਸੀ ਡਾ: ਰਾਜ ਬਹਾਦਰ ਨੇ ਵੀ ਦੇਰ ਨਹੀਂ ਕੀਤੀ ਤੇ ਰਾਤ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦਿੱਤਾ।

ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਨੇ ਮੰਤਰੀ ਸਾਹਿਬ ਨੂੰ ਮੁਆਫੀ ਮੰਗਣ ਲਈ ਕਿਹਾ ਤੇ ਬੀਤੇ ਕੱਲ੍ਹ ਦੇਰ ਸ਼ਾਮ ਹੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕੇਡੀ ਸਿੰਘ ਗੁਰੂ ਨਾਨਕ ਹਸਪਤਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਵਾਈਸ ਪ੍ਰਿੰਸੀਪਲ ਡਾ. ਜਗਦੇਵ ਸਿੰਘ ਕੁਲਾਰ ਨੇ ਵੀ ਆਪਣੇ ਅਸਤੀਫ਼ੇ ਦੇ ਦਿੱਤੇ ਹਨ।


ਇਸ ਸਾਰੀ ਕਾਰਵਾਈ ਦੀ ਵੀਡੀਓਵੀ ਵਾਇਰਲ ਹੋਈ ਹੈ ,ਜਿਸ ਤੋਂ ਬਾਅਦ ਹੁਣ ਸਿਹਤ ਮੰਤਰੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਹਨ ਤੇ ਵਿਰੋਧੀ ਧਿਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿਹਤ ਮੰਤਰੀ ਨੂੰ ਆਪਣੇ ਵਿਵਹਾਰ ਲਈ ਵੀਸੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।
ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਸਿਹਤ ਮੰਤਰੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪ੍ਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ ‘ਤੇ ਅਪਮਾਨ ਕੀਤਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ।
ਸਾਬਕਾ ਅਕਾਲੀ ਮੰਤਰੀ ਡਾ: ਦਲਜੀਤ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਸ਼ਖ਼ਸੀਅਤ ਹਨ | ਉਨ੍ਹਾਂ ਨਾਲ ਦੁਰਵਿਵਹਾਰ ਨਿੰਦਣਯੋਗ ਹੈ। ਉਹ ਬਹੁਤ ਹੀ ਸਤਿਕਾਰਤ ਸ਼ਖਸੀਅਤ ਹਨ।
ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਦਿਆਂ ਇਸ ਗੱਲ ਉੱਤੇ ਸਖਤ ਇਤਰਾਜ਼ ਜਤਾਇਆ ਹੈ।ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਡਾਕਟਰ ਰਾਜ ਬਹਾਦੁਰ ਨੇ ਅਨਪੜ੍ਹ ਸਿਹਤ ਮੰਤਰੀ ਦੁਆਰਾ ਹੋਏ ਅਪਮਾਨ ਬਰਦਾਸ਼ਤ ਕਰਨ ਤੋਂ ਅਸਮਰੱਥ ਹੋਣ ਕਾਰਨ ਅਸਤੀਫਾ ਦਿੱਤਾ ਹੈ! ਭਗਵੰਤ ਮਾਨ ਨੂੰ ਜੌੜਾਮਾਜਰਾ ਨੂੰ ਤੁਰੰਤ ਆਪਣੀ ਕੈਬਨਿਟ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਉਸਨੂੰ ਡਾਕਟਰ ਰਾਜ ਬਹਾਦਰ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।


ਇਹ ਤਾਂ ਸੀ ਇੱਕ ਪੱਖ ਪਰ ਜੇਕਰ ਤਸਵੀਰ ਦਾ ਦੂਜਾ ਪਾਸਾ ਦੇਖਿਆ ਜਾਵੇ ਤਾਂ ਇਹ ਗੱਲ ਵੀ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦਾ ਕੀ ਹਾਲ ਹੁੰਦਾ ਹੈ ,ਸਭ ਨੂੰ ਪਤਾ ਹੈ।ਇਸ ਘਟਨਾ ਵਿੱਚ ਵੀਸੀ ਸਾਹਿਬ ਕੋਲੋਂ ਆਮ ਮਰੀਜਾਂ ਲਈ ਲਗਾਏ ਗਏ ਬੈਡ ਉੱਤੇ ਕੁਝ ਘੜੀਆਂ ਲਈ ਲੇਟਣਾ ਔਖਾ ਹੋ ਗਿਆ ਪਰ ਸਵਾਲ ਇਹ ਉੱਠਦਾ ਹੈ ਕਿ ਆਮ ਮਰੀਜ਼ ਦਾ ਕੀ ਹਾਲ ਹੁੰਦਾ ਹੋਏਗਾ,ਜਿਸ ਨੂੰ ਇਹਨਾਂ ਗੰਦੇ ਬੈਡਾਂ ਉੱਤੇ ਕਿੰਨਾ ਸਮਾਂ ਕੱਢਣਾ ਪੈਂਦਾ ਹੈ,ਉਸ ਵਕਤ ਕੋਈ ਆਵਾਜ਼ ਨਹੀਂ ਉਠਾਉਂਦਾ।ਇਹ ਵੀ ਇੱਕ ਜਾਇਜ਼ ਸਵਾਲ ਹੈ। ਤੇ ਇਸ ਉੱਤੇ ਵੀ ਵਿਚਾਰ ਕਰਨੀ ਬਣਦੀ ਹੈ।