ਖਾਲਸ ਬਿਊਰੋ:ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈ ਡੀ ਦੀ ਪੁੱਛਗਿੱਛ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਰੋ ਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਟਵੀਟਰ ਅਕਾਊਂਟ ‘ਤੇ ਪੋਸਟਾਂ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।ਉਹਨਾਂ ਆਪਣੇ ਟਵੀਟ ਵਿੱਚ ਇਸ ਰੋਸ ਪ੍ਰਦਰਸ਼ਨ ਨੂੰ ਸਤਿਆਗ੍ਰਹਿ ਦੱਸਿਆ ਹੈ ਤੇ ਲਿਖਿਆ ਹੈ
” ਸਰਕਾਰੀ ਅਦਾਰੇ ਦੀ ਦੁਰਵਰਤੋਂ ਵਿਰੁੱਧ ਸੱਤਿਆਗ੍ਰਹਿ,
ਸਾਜ਼ਿਸ਼ਾਂ ਵਿਰੁੱਧ ਸੱਤਿਆਗ੍ਰਹਿ
ਝੂਠ ਦੇ ਖਿਲਾਫ ਸੱਤਿਆਗ੍ਰਹਿ”
ਆਪਣੇ ਇਸ ਟਵੀਟ ਵਿੱਚ ਉਹਨਾਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ,ਜਿਹਨਾਂ ਵਿੱਚ ਉਹ ਹੱਥ ਵਿੱਚ ਵਿਰੋਧ ਵਾਲੀਆਂ ਤਖਤੀਆਂ ਲੈ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ ਤੇ ਉਹਨਾਂ ਨਾਲ ਹੋਰ ਕਾਂਗਰਸੀ ਆਗੂ ਵੀ ਹਨ।
ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਰਾਹੁਲ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਬੀਜੇਪੀ ਰਾਹੁਲ ਗਾਂਧੀ ਤੋਂ ਡਰੀ ਹੋਈ ਹੈ।ਇਸ ਲਈ ਹੁਣ ਉਹ ਉਸ ਨੂੰ ਧਮਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਰ ਉਹ ਕਦੇ ਕਾਮਯਾਬ ਨਹੀਂ ਹੋਵੇਗੀ।
ਅੱਗੇ ਉਹਨਾਂ ਲਿਖਿਆ ਹੈ ਕਿ ਰਾਹੁਲ ਗਾਂਧੀ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ ਪਰ ਭਾਰਤ ਦੀ ਆਤਮਾ ਨੂੰ ਦਬਾਇਆ ਨਹੀਂ ਜਾ ਸਕਦਾ।ਭਾਰਤ ਦੀ ਆਤਮਾ ਹੁਣ ਭਾਜਪਾ ਦੀਆਂ ਕਰਤੂਤਾਂ ਦੇਖ ਜਾਗ ਚੁੱਕੀ ਹੈ।