ਮੰਗਲਵਾਰ ਨੂੰ ਅਖ਼ਬਾਰਾਂ ਵਿੱਚ RC ਸੁਵਿਧਾਵਾਂ ਦੇ ਦਿੱਤੇ ਇਸ਼ਤਿਹਾਰਾਂ ਦੇ ਅਕਾਲੀ ਦਲ ਨੇ ਚੁੱਕੇ ਸਵਾਲ,ਸੁਖਬੀਰ ਬਾਦਲ ਨੇ ਟਵੀਟ ਕਰਕੇ ਕੱਸਿਆ ਤੰਜ
‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਖਰਚ ਕਰਨ ਦੀ ਵਜ੍ਹਾਂ ਕਰਕੇ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਸੀ। ਹੁਣ ਇੱਕ ਵਾਰ ਮੁੜ ਤੋਂ ਇਸ਼ਤਿਹਾਰਾਂ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਇਸ ਵਾਰੀ ਵਿਵਾਦਾਂ ਦਾ ਕਾਰਨ ਇਸ਼ਤਿਹਾਰਾਂ ‘ਤੇ ਕੀਤਾ ਖ਼ਰਚ ਨਹੀਂ ਹੈ ਬਲਕਿ ਜਿਸ ਯੋਜਨਾ ਨੂੰ ਸ਼ੁਰੂ ਕਰਨ ਦਾ ਸੇਹਰਾ ਲੈਣ ਲਈ ਭਗਵੰਤ ਮਾਨ ਸਰਕਾਰ ਨੇ ਮੰਗਲਵਾਰ 12 ਜੁਲਾਈ 2022 ਨੂੰ ਅਖਬਾਰਾਂ ਵਿੱਚ ਇਸ਼ਤਿਹਾਰਾਂ ਵਿੱਚ ਦਿੱਤਾ ਉਹ 2011 ਤੋਂ ਲਾਗੂ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਕਾਇਦਾ ਉਸ ਸਮੇਂ ਦੇ ਅਖ਼ਬਾਰਾਂ ਵਿੱਚ ਛੱਪੀਆਂ ਹੋਇਆਂ ਖ਼ਬਰਾ ਵੀ ਪੋਸਟ ਕੀਤੀਆਂ ਨੇ ਜਦੋਂ ਅਕਾਲੀ-ਬੀਜੇਪੀ ਸਰਕਾਰ ਵੇਲੇ ਸਕੀਮ ਲਾਗੂ ਕੀਤੀ ਗਈ ਸੀ।
ਮਾਨ ਸਰਕਾਰ ਦਾ ਦਾਅਵਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਅਖ਼ਬਾਰਾਂ ਵਿੱਚ ਇਸ਼ਤਹਾਰਾਂ ਦੇ ਕੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਹੁਣ ਜਿਸ ਡੀਲਰ ਤੋਂ ਤੁਸੀਂ ਗੱਡੀ ਖਰੀਦੋਗੇ ਉਹ ਹੀ ਰਜਿਸਟ੍ਰੇਸ਼ਨ ਕਰ ਦੇਵੇਗਾ ਅਤੇ ਮੌਕੇ ‘ਤੇ ਨੰਬਰ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰਟ ਰਜਿਸਟ੍ਰੇਸ਼ਨ ਦੀ ਕਾਪੀ (RC) ਦੀ ਹੋਮ ਡਿਲੀਵਰੀ ਹੋ ਜਾਵੇਗੀ। ਇਸ ਨਾਲ ਲੋਕਾਂ ਨੂੰ RC ਬਣਵਾਉਣ ਦੇ ਲਈ ਰੀਜਨਲ ਟਰਾਂਸਪੋਰਟ ਦਫ਼ਤਰ ਨਹੀਂ ਜਾਣਾ ਹੋਵੇਗਾ।ਇਸ ਤੋਂ ਇਲਾਵਾ ਮਾਨ ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਾਈ ਪ੍ਰੋਫਾਈਲ ਸਕਿਉਰਟੀ ਨੰਬਰ ਪਲੇਟ ਵੀ ਡੀਲਰ ਹੀ ਦੇਵੇਗਾ। ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ 2011 ਵਿੱਚ RC ਦੀ ਕਾਪੀ ਡੀਲਰ ਤੋਂ ਮਿਲਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਸੁਖਬੀਰ ਬਾਦਲ ਨੇ ਉਸ ਵੇਲੇ ਦੀਆਂ ਅਖਬਾਰਾਂ ਦੀ ਕਟਿੰਗ ਟਵੀਟ ਦੇ ਨਾਲ ਅਟੈਚ ਕਰਦੇ ਹੋਏ ਲਿਖਿਆ ‘ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਗੱਡੀਆਂ ਨੂੰ ONLINE ਰਜਿਸਟ੍ਰਰਡ ਕਰਨ ਦੀ ਯੋਜਨਾ ਅਕਾਲੀ ਦਲ ਵੱਲੋਂ 2011 ਨੂੰ ਸ਼ੁਰੂ ਕੀਤੀ ਗਈ ਸੀ,ਇਸ ਲਈ ਭਗਵੰਤ ਮਾਨ ਤੁਸੀਂ ਲੋਕਾਂ ਦੇ ਕਰੋੜਾਂ ਰੁਪਏ ਖ਼ਰਚ ਕੇ ਜੋ ਕਰੈਡਿਟ ਲੈ ਰਹੇ ਉਹ ਫਰਜੀ ਬਦਲਾਅ ਹੈ ।
30 ਕਰੋੜ ਤੋਂ ਵੱਧ ਪਹਿਲਾਂ ਇਸ਼ਤਹਾਰਾਂ ‘ਤੇ ਖਰਚ ਹੋਏ
ਇਸ ਤੋਂ ਪਹਿਲਾਂ RTI ਵਿੱਚ ਖੁਲਾਸਾ ਹੋਇਆ ਸੀ ਭਗਵੰਤ ਮਾਨ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ 30 ਕਰੋੜ ਤੋਂ ਵੱਧ ਇਸ਼ਤਿਹਾਰਾਂ ‘ਤੇ ਹੀ ਖ਼ਰਚ ਕਰ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੰਜਾਬ ਦੀਆਂ ਜਨਤਾ ਨੂੰ ਦਿੱਤੇ ਸੱਦੇ ਦੇ ਇਸ਼ਤਿਹਾਰਾਂ ‘ਤੇ ਵੀ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ । ਇਹ ਇਸ਼ਤਹਾਰ ਪੰਜਾਬ ਵਿੱਚ ਹੀ ਨਹੀਂ ਕੇਰਲਾ, ਰਾਜਸਥਾਨ ਅਤੇ ਗੁਜਰਾਤ ਤੱਕ ਦੇ ਅਖ਼ਬਾਰਾਂ ਵਿੱਚ ਦਿੱਤੇ ਗਏ ਸਨ ।