India

ਪ੍ਰੀਖਿਆ ਦੇਣ ਵੇਲੇ ਕਕਾਰ ਪਹਿਨਣ ਤੋਂ ਪਾਬੰਦੀ ਹਟੀ

‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਪ੍ਰੀਖਿਆਵਾਂ ਵਿਚ ਸਿੱਖ ਵਿਦਿਆਰਥੀਆਂ ਵੱਲੋਂ ਪੰਜ ਕਕਾਰ ਧਾਰਨ ਨੂੰ ਸਿੱਖ ਵਿਦਿਆਰਥੀਆਂ ਦਾ ਮੌਲਿਕ ਹੱਕ ਕਰਾਰ ਦਿੱਤਾ ਹੈ ਤੇ ਇਹ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਵਾਸਤੇ ਵੱਡੀ ਜਿੱਤ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ ਇਕ ਸਾਲ ਪਹਿਲਾਂ 17 ਜੁਲਾਈ 2021 ਨੂੰ ਇਕ ਸਿੱਖ ਬੱਚੀ ਨੂੰ ਇਸ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ ਸੀ ਕਿ ਉਸ ਨੇ ਪੰਜ ਕੱਕਾਰ ਧਾਰਨ ਕੀਤੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਵਿਵੇਕ ਵਿਹਾਰ ਕੇਂਦਰ ਵਿਚ ਵਾਪਰਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦਿੱਲੀ ਕਮੇਟੀ ਨੇ ਕਾਨੂੰਨੀ ਲੜਾਈ ਲੜ੍ਹੀ ਤੇ ਹੁਣ ਦਿੱਲੀ ਹਾਈ ਕੋਰਟ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਚਿੰਨ ਯਾਨੀ ਪੰਜ ਕਕਾਰ ਧਾਰਨ ਦਾ ਪੂਰਾ ਹੱਕ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਰੱਖਾ ਪੱਲੀ ਦੀ ਅਦਾਲਤ ਵਿਚ ਸੁਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਨੇ ਸਿੱਖਿਆ ਵਿਭਾਗ ਨੂੰ ਫ਼ਟਕਾਰ ਲਗਾਈ ਹੈ ਜਿਸ ਬੱਚੀ ਦਾ ਪੇਪਰ ਰਹਿ ਗਿਆ ਸੀ, ਉਹ ਦੁਬਾਰਾ ਟੈਸਟ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਅਦਾਲਤ ਨੇ ਉਮਰ ਹੱਦ ਦੀ ਛੋਟ ਵੀ ਦਿੱਤੀ ਹੈ।ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਵਕੀਲ ਗੁਰਮੁੱਖ ਸਿੰਘ ਤੇ ਕਪਿਲ ਮਦਾਨ ਹਾਈ ਕੋਰਟ ਵਿਚ ਪੇਸ਼ ਹੋਏ ਤੇ ਸਾਰੇ ਤੱਥ ਸਬੂਤਾਂ ਤੇ ਦਲੀਲਾਂ ਸਮੇਤ ਰੱਖੇ।

ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਿੱਖ ਕੌਮ ਵਾਸਤੇ ਬਹੁਤ ਵੱਡਾ ਫੈਸਲਾ ਹੈ ਜਿਸ ਨਾਲ ਸਿੱਖ ਕੌਮ ਨੂੁੰ ਵੱਡੀ ਰਾਹਤ ਮਿਲੀ ਹੈ ਤੇ ਇਹ ਬਹੁਤ ਵੱਡੀ ਜਿੱਤ ਵੀ ਹੈ।ਉਹਨਾਂ ਨੇ ਸਿੱਖ ਬੱਚੇ ਬੱਚੀਆਂ ਨੁੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੁੂੰ ਕਦੇ ਵੀ ਕੋਈ ਮੁਸ਼ਕਿਲ ਇਸ ਤਰੀਕੇ ਆਉਂਦੀ ਹੈ ਤਾਂ ਉਹ ਤੁਰੰਤ ਦਿੱਲੀ

ਕਮੇਟੀ ਨਾਲ ਰਾਬਤਾ ਕਾਇਮ ਕਰਨ ਜੋ ਇਸ ਸਾਰੇ ਮਾਮਲੇ ਵਿਚ ਆਪ ਪੈਰਵੀ ਕਰੇਗੀ।ਉਹਨਾਂ ਨੇ ਅਦਾਲਤ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਿੱਖ ਕੌਮ ਨੂੰ ਵਧਾਈ ਦਿੱਤੀ। ਕਮੇਟੀ ਦੇ ਅਹੁਦੇਦਾਰਾਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਰਕਾਰੀ ਵਿਭਾਗ ਸਿੱਖਿਆ ਨਾਲ ਸਬੰਧਤ ਹਨ, ਉਹਨਾਂ ਦੀਆਂ ਨੋਟੀਫਿਕੇਸ਼ਨ ਸਹੀ ਤਰੀਕੇ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਸਹੀ ਤਰੀਕੇ ਜਾਣਕਾਰੀ ਮਿਲ ਸਕੇ।