‘ਦ ਖ਼ਾਲਸ ਬਿਊਰੋ : WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਦੀ ਟੋਲ ਵਰਕਰਾਂ ਨਾਲ ਝੜਪ ਹੋ ਗਈ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਖਲੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਕ ਕਰਮਚਾਰੀ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਕਿਹਾ। ਇਹ ਸੁਣ ਕੇ ਖਲੀ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਖਲੀ ਦੀ ਕਾਰ ਨੂੰ ਘੇਰ ਲਿਆ।
ਉਨ੍ਹਾਂ ਕਿਹਾ ਕਿ ਖਲੀ ਨੇ ਗਲਤ ਕੀਤਾ ਹੈ। ਖਲੀ ਨੇ ਇਸ ਬਾਰੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ। ਇਸੇ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਉਨ੍ਹਾਂ ਨੇ ਟੋਲ ਕਰਮਚਾਰੀਆਂ ‘ਤੇ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਾਇਆ। ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਨੇ ਸ਼ਿਕਾਇਤ ਨਹੀਂ ਕੀਤੀ ਹੈ।
ਖਲੀ ਮਸ਼ਹੂਰ ਰੇਸਲਿੰਗ ਮੁਕਾਬਲੇ WWE ਦੇ ਚੈਂਪੀਅਨ ਰਹਿ ਚੁੱਕੇ ਹਨ। ਖਲੀ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਚੋਣ ਨਹੀਂ ਲੜੀ ਸੀ। ਖਲੀ ਨੇ ਕਿਹਾ ਸੀ ਕਿ WWE ਵਿੱਚ ਬਹੁਤ ਨਾਮ ਅਤੇ ਪੈਸਾ ਹੈ ਪਰ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਪਰਤਿਆ ਹੈ।