ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਰੱਗ ਅਤੇ ਗੈਂਗਸਟਰਾਂ ਖਿਲਾਫ਼ ਵੱਡੀ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ
‘ਦ ਖ਼ਾਲਸ ਬਿਊਰੋ :- 1992 ਬੈਚ ਦੇ IPS ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ DGP ਦਾ ਅਹੁਦਾ ਸੰਭਾਲਣ ਤੋਂ ਬਾਅਦ ਗੈਂਗਸਟਰ ਅਤੇ ਡਰੱਗ ਮਾਫੀਆ ‘ਤੇ ਲਗਾਮ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਪੁਲਿਸ ਵਿੱਚ ਵੱਡੇ ਫੇਰਬਦਲ ਕੀਤੇ ਨੇ। ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ 324 DSP ਅਤੇ 1 IPS ਦਾ ਤਬਾਦਲਾ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਅਹੁਦਾ ਸੰਭਾਲਦੇ ਹੀ ਗੌਰਵ ਯਾਦਵ ਨੇ DGP ਅਤੇ ADGP ਪੱਧਰ ‘ਤੇ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਸਨ।
ਚਾਰਜ ਸੰਭਾਲਣ ਤੋਂ ਬਾਅਦ ਵੱਡੇ ਪੱਧਰ ‘ਤੇ ਤਬਾਦਲੇ
DGP ਪੰਜਾਬ ਦਾ ਵਾਧੂ ਕਾਰਜਭਾਰ ਸੰਭਾਲਦੇ ਹੀ ਗੌਰਵ ਯਾਦਵ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਵੱਡਾ ਨਾਂ ਪ੍ਰਬੋਧ ਕੁਮਾਰ ਦਾ ਹੈ ਜੋ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੀ। ਉਨ੍ਹਾਂ ਨੂੰ ਹਿਊਮੈਨ ਰਾਈਟ ਕਮਿਸ਼ਨ ਵਿੱਚ ਭੇਜਿਆ ਗਿਆ। 1989 ਬੈਚ ਦੇ ਸੰਜੀਵ ਕਾਲੜਾ ਨੂੰ ਪੰਜਾਬ ਹਾਉਸਿੰਗ ਕਾਰਪੋਰੇਸ਼ਨ ਵਿੱਚ ਸਪੈਸ਼ਲ ਡੀਜੀਪੀ ਹੋਮ ਗਾਰਡ ਲਗਾਇਆ ਗਿਆ ਹੈ। ਸੁਧਾਸ਼ੂ ਸ਼੍ਰੀਵਾਸਤਵ ਨੂੰ ADGP ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਧਰ IG ਜਤਿੰਦਰ ਸਿੰਘ ਔਲਖ ADGP ਦੇ ਤੌਰ ‘ਤੇ ਇੰਟੈਲੀਜੈਂਸ ਦਾ ਚਾਰਜ ਸੰਭਾਲਣਗੇ ਜਦਕਿ ਹਰਪ੍ਰੀਤ ਸਿੱਧੂ ਦੇ ਕੋਲ STF ਅਤੇ DGP ਜੇਲ੍ਹਾਂ ਦਾ ਚਾਰਜ ਬਰਕਰਾਰ ਰਹੇਗਾ। ਕੁਲਦੀਪ ਸਿੰਘ ਨੂੰ ਇੰਟਰਨਲ ਵਿਜੀਲੈਂਸ ਸੈੱਲ ਦੇ DGP ਦੀ ਜ਼ਿੰਮੇਵਾਰੀ ਮਿਲੀ ਹੈ।
ਡੀਜੀਪੀ ਗੌਰਵ ਯਾਦਵ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਨੇ। ਉਨ੍ਹਾਂ ਦੀ ਪਤਨੀ ਦੇ ਪਿਤਾ ਪੀਸੀ ਡੋਗਰਾ ਵੀ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ। ਗੌਰਵ ਯਾਦਵ ਨਿਯਮਾਂ ਮੁਤਾਬਕ 6 ਮਹੀਨੇ ਤੱਕ ਕਾਰਜਕਾਰੀ ਡੀਜੀਪੀ ਦਾ ਅਹੁਦਾ ਸੰਭਾਲ ਸਕਦੇ ਨੇ। ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਿਕ ਸੂਬਾ ਸਰਕਾਰ ਨੂੰ ਡੀਜੀਪੀ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਡੀਜੀਪੀ ਦੇ ਨਾਵਾਂ ਦਾ ਇਕ ਪੈਨਲ UPSC ਨੂੰ ਭੇਜਣਾ ਹੁੰਦਾ ਹੈ। ਪੈਨਲ ਵਿੱਚ ਜਿਹੜੇ ਨਾਂ ਭੇਜੇ ਜਾਂਦੇ ਨੇ, ਉਨ੍ਹਾਂ ਵਿੱਚ ਡੀਜੀਪੀ ਦੀ ਰਿਟਾਇਰਮੈਂਟ ਨੂੰ ਘੱਟੋਂ ਘੱਟ 6 ਮਹੀਨੇ ਦਾ ਸਮਾਂ ਜ਼ਰੂਰ ਹੋਣਾ ਚਾਹੀਦਾ ਹੈ। UPSC ਦਾ ਪੈਨਲ 2 ਤੋਂ 3 ਨਾਂ ਸੂਬਾ ਸਰਕਾਰ ਨੂੰ ਭੇਜਦਾ ਹੈ, ਉਨ੍ਹਾਂ ਵਿੱਚੋਂ ਹੀ ਸਰਕਾਰ ਨਵੇਂ ਡੀਜੀਪੀ ਦੀ ਨਿਯੁਕਤੀ ਕਰਦੀ ਹੈ।