‘ਦ ਖ਼ਾਲਸ ਬਿਊਰੋ :- 1984 ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਫੜਨ ਦੇ ਲਈ ਯੋਗੀ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ ਸੀ। SIT ਨੇ ਜ਼ੋਰਾਂ-ਸ਼ੋਰਾਂ ਨਾਲ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਨਪੁਰ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੇ ਮਾਮਲੇ ਵਿੱਚ ਪਿਛਲੇ 9 ਦਿਨਾਂ ਦੇ ਅੰਦਰ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜ ਮੁਲਜ਼ਮਾਂ ਦੀ ਹੁਣ ਤਾਜ਼ਾ ਗ੍ਰਿਫਤਾਰੀ ਹੋਈ ਹੈ ਜਦਕਿ ਇਸ ਤੋਂ ਪਹਿਲਾਂ 15 ਜੂਨ ਨੂੰ ਇਸ ਮਾਮਲੇ ਵਿੱਚ ਕਈ ਵੱਡੀਆਂ ਗ੍ਰਿਫ਼ਤਾਰੀਆਂ ਹੋਈਆਂ ਸਨ। ਚਾਰਾਂ ਮੁਲਜ਼ਮਾਂ ਨੂੰ ਘਾਟਮਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
40 ਗੰਭੀਰ ਮਾਮਲਿਆਂ ਦੀ SIT ਵੱਲੋਂ ਜਾਂਚ
1984 ਸਿੱਖ ਕਤਲੇਆਮ ਮਾਮਲੇ ਵਿੱਚ SIT ਦਾ ਗਠਨ ਕੀਤਾ ਗਿਆ ਸੀ। SIT ਨੇ 1,251 ਕੇਸਾਂ ਵਿੱਚੋਂ 40 ਗੰਭੀਰ ਕੇਸਾਂ ਦੀ ਜਾਂਚ ਦਾ ਫੈਸਲਾ ਕੀਤਾ ਸੀ। ਕਾਨਪੁਰ ਵਿੱਚ ਹੀ 1984 ਸਿੱਖ ਕਤਲੇਆਮ ਦੌਰਾਨ 127 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕਾਨਪੁਰ ਪੁਲਿਸ ਨੇ ਹੁਣ ਤੱਕ 11 ਕੇਸਾਂ ਵਿੱਚ ਚਾਰਜਸ਼ੀਟ ਫਾਇਲ ਕਰ ਦਿੱਤੀ ਹੈ ਅਤੇ 29 ਕੇਸਾਂ ਵਿੱਚ ਸਬੂਤ ਨਾ ਮਿਲਣ ਦੀ ਵਜ੍ਹਾ ਕਰਕੇ ਕਲੋਜ਼ਰ ਰਿਪੋਰਟ ਫਾਇਲ ਕਰ ਦਿੱਤੀ ਗਈ ਹੈ।