Punjab

ਇੱਕ ਨੌਜਵਾਨ ਦਾ ਮੁੱਖ ਮੰਤਰੀ ਦੇ ਨਾਂ ‘ਇਨਕਲਾਬੀ’ ਪੱਤਰ

ਦ ਖ਼ਾਲਸ ਬਿਊਰੋ : ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨੀ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਗੁਰਮੋਹਨ ਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਡਾ ਹਲੂਣਾ ਦਿੱਤਾ ਹੈ। ਉਸਨੇ ਤਿੰਨ ਪੰਨਿਆਂ ਉੱਤੇ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਮੂਹਰੇ ਵੱਡੇ ਸਵਾਲ ਖੜੇ ਕੀਤੇ ਹਨ। ਉਸਨੇ ਪੱਤਰ ਦੇ ਸ਼ੁਰੂ ਵਿੱਚ ਕਿਹਾ ਹੈ ਕਿ ਤੁਹਾਨੂੰ ਆਵਾਮ ਨੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੱਡੀਆਂ ਉਮੀਦਾਂ ਨਾਲ ਦਿੱਤੀ ਸੀ। ਤੁਸੀਂ ਆਪਣੇ ਦਫ਼ਤਰ ਦੇ ਪਿੱਛੇ ਇਨਕਲਾਬੀ ਨੌਜਵਾਨ ਦੀ ਤਸਵੀਰ ਤਾਂ ਸਜਾ ਰੱਖੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਕਤਲਾਂ ਨਾਲ ਛਿੱਟੇ ਕਿਸ ਮੂੰਹ ਉੱਤੇ ਪਏ ਹਨ। ਉਸਨੇ ਮੁੱਖ ਮੰਤਰੀ ਮਾਨ ਨੂੰ ਪੁੱਛਿਆ ਹੈ ਕਿ ਜਦੋਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੱਗ ਲਾਹੁਣ ਦੀ ਤਸਵੀਰ ਉੱਤੇ ਤੁਹਾਡੀ ਨਜ਼ਰ ਪਈ ਹੋਵੇਗੀ ਤਾਂ ਵੀ ਕੀ ਤੁਹਾਡਾ ਮਨ ਝੰਜੋੜਿਆ ਨਹੀਂ ਗਿਆ।

ਉਸਨੇ ਕਿਹਾ ਹੈ ਕਿ ਇਸ ਪੱਤਰ ਰਾਹੀਂ ਉਹ ਮੁੱਖ ਮੰਤਰੀ ਦੀ ਜਵਾਬਦੇਹੀ ਦੀ ਸਿੱਕ ਪਲੋਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੀ ਮੁੱਖ ਮੰਤਰੀ ਸੋਚਦੇ ਹਨ ਕਿ ਅਵਾਮ ਦੀਆਂ ਸਮੱਸਿਆਵਾਂ ਏਸੀ ਕਮਰਿਆਂ ਵਿੱਚ ਬਹਿ ਕੇ ਹੱਲ ਹੋ ਸਕਣਗੀਆਂ। ਉਨ੍ਹਾਂ ਨੇ ਹੋਕਾ ਭਰਿਆ ਕਿ ਇੱਕ ਨੌਜਵਾਨ ਜਿਹੜਾ ਓਲੰਪਿਕ ਵਿੱਚ ਜਾਣ ਦੀ ਸਮਰੱਥਾ ਰੱਖਦਾ ਸੀ, ਉਹ ਗੈਂਗਸਟਰ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਉਸਨੇ ਆਪਣੇ ਪੱਤਰ ਵਿੱਚ ਸਰਕਾਰ ਨੂੰ ਮੁਫ਼ਤ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਸਨੇ ਮੁੱਖ ਮੰਤਰੀ ਅੱਗੇ ਕਈ ਸਵਾਲ ਖੜੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੇਬ ਵਿੱਚ ਇਨ੍ਹਾਂ ਦੇ ਹੱਲ ਹਨ।

ਗੁਰਮੋਹਨ ਸਿੰਘ ਨਾਂ ਦੇ ਇਸ ਬੇਬਾਕ ਨੌਜਵਾਨ ਨੇ ਇੱਕ ਹੋਰ ਸਵਾਲ ਖੜਾ ਕਰਦਿਆਂ ਪੁੱਛ ਲਿਆ ਹੈ ਕਿ ਇੱਕ ਮੱਧ ਵਰਗੀ ਪਰਿਵਾਰ ਦਾ ਨੌਜਵਾਨ ਜਿਹੜਾ ਸਿਆਸਤਦਾਨ ਨਾਲੋਂ ਵੱਧ ਟੈਕਸ ਭਰਦਾ ਹੈ, ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਸਿਰ ਹੈ। ਉਸਨੇ ਕੇਂਦਰੀ ਏਜੰਸੀਆਂ ਵੱਲੋਂ ਮੂਸੇਵਾਲਾ ਦੀ ਜਾਨ ਨੂੰ ਖਤਰਾ ਦੱਸੇ ਜਾਣ ਦੇ ਬਾਵਜੂਦ ਸੁਰੱਖਿਆ ਘਟਾਉਣ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਸਨੇ ਮੁੱਖ ਮੰਤਰੀ ਨੂੰ ਇਹ ਕਹਿ ਕੇ ਝੰਜੋੜਿਆ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਦੀ ਅਪੀਲ ਕੀਤੀ ਸੀ ਤਾਂ ਤੁਸੀਂ ਕਿਸ ਮੂੰਹ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਸੀ। ਜੇ ਤੁਸੀਂ ਸਵੈ-ਰੱਖਿਆ ਲਈ ਹਥਿਆਰਾਂ ਨੂੰ ਜਾਇਜ਼ ਨਹੀਂ ਸਮਝਦੇ ਤਾਂ ਤੁਹਾਨੂੰ ਆਪਣੀ ਸਿਕਿਓਰਿਟੀ ਵਾਪਸ ਕਰ ਦੇਣੀ ਚਾਹੀਦੀ ਹੈ।

ਉਸਨੇ ਇੱਕ ਨਿੱਜੀ ਪਰ ਤਿੱਖਾ ਸਵਾਲ ਕਰਦਿਆਂ ਕਿਹਾ ਹੈ ਕਿ ਜਿਹੜੀ ਸੁਰੱਖਿਆ ਤੁਸੀਂ ਆਪਣੀ ਭੈਣ ਨੂੰ ਦੇ ਰਹੇ ਹੋ, ਉਸ ਉੱਤੇ ਕਿਸੇ ਹੋਰ ਦਾ ਹੱਕ ਕਿਉਂ ਨਹੀਂ। ਉਸਨੇ ਮੁੱਖ ਮੰਤਰੀ ਦੇ ਉਸ ਬਿਆਨ ਦੀ ਵੀ ਖਿੱਲੀ ਉਡਾਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅੰਗਰੇਜ਼ ਬਾਹਰੋਂ ਨੌਕਰੀ ਕਰਨ ਲਈ ਆਇਆ ਕਰਨਗੇ। ਉਸਨੇ ਕਿਹਾ ਕਿ ਪੰਜਾਬ ਦੇ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਹੁਣ ਵਿਦੇਸ਼ਾਂ ਵਿੱਚ ਉਡਾਰੀ ਮਾਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ। ਉਸਨੇ ਮੁੱਖ ਮੰਤਰੀ ਦੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਸਿਰਜਨਾ ਲਈ ਯੋਗਦਾਨ ਪਾਉਣ ਦੀ ਪੇਸ਼ਕਸ਼ ਦੁਹਰਾਈ ਹੈ। ਉਸਨੇ ਮੁੱਖ ਮੰਤਰੀ ਤੋਂ ਜਵਾਬ ਦੀ ਤਵੱਕੋ ਰੱਖਦਿਆਂ ਉਮੀਦ ਪ੍ਰਗਟ ਕੀਤੀ ਕਿ ਅਗਲੀ ਵਾਰ ਜਦੋਂ ਉਹ ਪੱਤਰ ਲਿਖਣ ਤਾਂ ਮਾਣਯੋਗ ਬਰੈਕਟ ਵਿੱਚ ਨਾ ਲਿਖਣਾ ਪਵੇ ਅਤੇ ਨਾ ਹੀ ਕਾਲੀ ਸਿਆਸੀ ਦੀ ਵਰਤੋਂ ਕਰਨ ਦੀ ਲੋੜ ਪਵੇ।