‘ਦ ਖ਼ਾਲਸ ਬਿਊਰੋ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਲਈ ਸੰਗਤ ਦਰਸ਼ਨ ਕਰਦੇ ਰਹੇ ਹਨ। ਚੰਡੀਗੜ੍ਹ ਦੇ ਸਾਬਕਾ ਪ੍ਰਸਾਸ਼ਕ ਜਨਰਲ ਐਸਐਫ ਰੌਡਰਿਗਜ਼ ਜਨਤਾ ਦਰਬਾਰ ਲਗਾਉਂਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਵਨ ਵਿੱਚ ਪਹਿਲਾ ਜਨਤਾ ਦਰਬਾਰ ਲਗਾਇਆ ਹੈ ਜਿੱਥੇ ਫਰਿਆਦੀਆਂ ਦਾ ਹੜ੍ਹ ਆ ਗਿਆ। ਸਾਬਕਾ ਮੁੱਖ ਮੰਤਰੀ ਬਾਦਲ ਸੰਗਤ ਦਰਸ਼ਨ ਲੋਕਾਂ ਦੇ ਦੁਆਰ ‘ਤੇ ਲੱਗਦਾ ਰਿਹਾ ਹੈ। ਉਹ ਸੰਗਤ ਦਰਸ਼ਨ ਆਪਣੀ ਸਰਕਾਰ ਦੇ ਆਖਰੀ ਸਾਲਾਂ ਵਿੱਚ ਲਾਉਂਦੇ ਰਹੇ ਹਨ। ਜਦਕਿ ਮੁੱਖ ਮੰਤਰੀ ਮਾਨ ਨੇ ਆਹੁਦਾ ਸੰਭਾਲਣ ਦੇ ਤੀਜੇ ਮਹੀਨੇ ਜਨਤਾ ਦੀਆਂ ਤਕਲੀਫਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸਲ ਵਿੱਚ ਪੰਜਾਬ ਦੀ ਜਨਤਾ ਦੁੱਖਾਂ ਨਾਲ ਤਰਾਹ ਤਰਾਹ ਕਰ ਉੱਠੀ ਹੈ। ਇਸੇ ਕਰਕੇ ਸੂਬੇ ਦੇ ਕੋਨੇ ਕੋਨੇ ਚੋਂ ਫਰਿਆਦ ਲੈ ਕੇ ਪੁੱਜੇ ਹਨ। ਦਰਦੀਆਂ ਵਿੱਚੋਂ ਜਿਆਦਾਤਰ ਨਸ਼ਿਆਂ ‘ਚ ਗਰਕੇ ਬੱਚਿਆਂ ਨੂੰ ਬਚਾਉਣ ਦਾ ਵਾਸਤਾ ਪਾਉਂਦੇ ਦੇਖੇ ਗਏ। ਕਈ ਮੁੱਖ ਮੰਤਰੀ ਦੇ ਮੂੰਹ ‘ਤੇ ਮੇਹਣੋ ਮੇਹਣੀ ਵੀ ਹੋਏ।
ਮੁੱਖ ਮੰਤਰੀ ਦਾ ਜਨਤਾ ਦਰਬਾਰ ਕਾਹਲ ‘ਚ ਚੁੱਕਿਆ ਕਦਮ ਹੈ ਇਸ ਕਰਕੇ ਕਈ ਫਰਿਆਦੀ ਆਪਣੀ ਦੁੱਖ ਦੱਸਣ ਤੋਂ ਰਹਿ ਗਏ। ਉਂਝ ਬਹੁਤੇ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਗੋ ਬਾਗ ਨਜ਼ਰ ਆ ਰਹੇ ਸਨ। ਅੱਜ ਕੇਵਲ ਉਨ੍ਹਾਂ ਫਰਿਆਦੀਆਂ ਨੂੰ ਮੌਕਾ ਦਿੱਤਾ ਗਿਆ ਜਿਨ੍ਹਾਂ ਆਪਣੀਆਂ ਅਰਜ਼ੀਆਂ ਪਹਿਲਾਂ ਦੇ ਰੱਖੀਆਂ ਸਨ। ਜਿਹੜੇ ਮਿਲਣ ਤੋਂ ਰਹਿ ਗਏ ,ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਗਲੀ ਵਾਰ ਦੁਖੜਾ ਸੁਨਾਉਣ ਦਾ ਭਰੋਸਾ ਦੇ ਪਲੋਸ ਲਿਆ।
ਸਭ ਤੋਂ ਪਹਿਲਾਂ ਮਿਲਣ ਵਾਲੇ ਚਾਰ ਦਰਜਨ ਫਰਿਆਦੀਆਂ ਵਿੱਚੋਂ ਜ਼ਿਆਦਤਰ ਉਹ ਸਨ ਜਿਹੜੇ ਤਰਸ ਦੇ ਆਧਾਰ ‘ਤੇ ਨੌਕਰੀ ਲੈਣ ਤੋਂ ਖੁੰਝਦੇ ਰਹੇ ਹਨ। ਮੋਹਾਲੀ ਦੇ ਨਾਲ ਲੱਗਦੇ ਇੱਕ ਪਿੰਡ ਦੇ ਪਰਿਵਾਰ ਨੇ ਨਸ਼ਿਆ ਦੇ ਵੱਗਦੇ ਛੇਵੇਂ ਦਰਿਆ ਨੂੰ ਰੋਕਣ ਦੀ ਗੁਹਾਰ ਲਾਈ ਅਤੇ ਡੁੱਬ ਰਹੀ ਜਵਾਨੀ ਨੂੰ ਰੋਕਣ ਦਾ ਵਾਸਤਾ ਪਾਇਆ। ਦਿੜ੍ਹਬਾ ਤੋਂ ਆਏ ਮਿੱਠੂ ਰਾਮ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਭੂ ਮਾਫੀਆ ਦੀ ਹਾਲੇ ਵੀ ਸਰਦਾਰੀ ਹੈ ਅਤੇ ਬਿਨਾ ਕਿਸੇ ਡਰ ਭੈਅ ‘ਤੇ ਜ਼ਮੀਨਾਂ ‘ਤੇ ਕਬਜ਼ੇ ਹੋ ਰਹੇ ਹਨ। ਉਸ ਨੇ ਪੁਲਿਸ ‘ਤੇ ਰਲੇ ਹੋਣ ਦਾ ਦੋਸ਼ ਲਾ ਕੇ ਹੋਰ ਅਧਿਕਾਰੀਆਂ ਨੂੰ ਰਗੜ ਦਿੱਤਾ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੀ ਆਈਟੀਆਈ ‘ਚ ਕੰਮ ਕਰਦੇ ਮੁਲਾਜ਼ਮ ਆਪਣੀ ਸਮੱਸਿਆ ਲੈ ਕੇ ਮੁੱਖ ਮੰਤਰੀ ਮੂਹਰੇ ਇੰਨਸਾਫ ਲਈ ਵਾਸਤੈ ਪਾਉਂਦੇ ਦੇਖੇ ਗਏ। ਵੱਖ ਵੱਖ ਸਰਕਾਰੀ ਵਿਭਾਗਾ ਵਿੱਚ ਠੇਕੇ ‘ਤੇ ਕਰਮਚਾਰੀ ਵੀ ਆਪਣੀਆਂ ਮੁਸ਼ਕਲਾਂ ਲੈ ਕੇ ਪਹੁੰਚੇ ਹੋਏ ਸਨ ।
ਉਨ੍ਹਾਂ ਨੇ ਮੁੱਖ ਮੰਤਰੀ ਦੇ ਦਰਬਾਰ ‘ਚ ਸੱਦਾ ਆਉਣ ਦੇ ਬਾਵਜੂਦ ਮਿਲਣ ਲਈ ਮੌਕਾ ਨਾ ਦਿੱਤੇ ਜਾਣ ‘ਤੇ ਹਿਰਖ ਜ਼ਾਹਿਰ ਕੀਤਾ। ਫਤਿਹਗੜ੍ਹ ਸਾਹਿਬ ਤੋਂ ਆਈ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ। ਉਸਦੇ ਪਿੰਡ ਵਿੱਚ ਚਿੱਟਾ ਸ਼ਰਿਆਮ ਵਿਕਦਾ ਹੈ ਅਤੇ ਪੁਲਿਸ ਕੁਝ ਨਹੀਂ ਕਰ ਰਹੀ। ਪੁਲਿਸ ਜੇ ਤਸਕਰ ਨੂੰ ਫੜ ਵੀ ਲੈਂਦੀ ਹੈ ਤਾਂ ਬਾਅਦ ਵਿੱਚ ਦਬਾਅ ਹੇਠ ਆ ਕੇ ਛੱਡ ਦਿੰਦੇ ਹਨ। ਉਹ ਇਨ੍ਹਾਂ ਨੂੰ ਫੜ ਲੈਂਦੇ ਅਤੇ ਫੇਰ ਛੱਡ ਦਿੰਦੇ ਹਨ। ਉਸ ਨੇ ਭਾਵੁਕ ਹੁੰਦੇ ਹੋਏ ਇਨ੍ਹਾਂ ਔਰਤਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਸਕਦੇ ਹਨ। ਰਾਜਪੁਰਾ ਤੋਂ ਆਏ ਕਿਸਾਨ ਸਵਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੋਲ ਕਰਜ਼ੇ ਦੀ ਸਮੱਸਿਆ ਦਾ ਮੁੱਦਾ ਚੁੱਕਿਆ । ਉਸ ਨੇ ਦੱਸਿਆ ਕਿ 2015 ਵਿੱਚ ਮੈਂ ਕਰਜ਼ਾ ਲਿਆ ਸੀ ਪਰ 2017 ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਆਖਿਆ ਗਿਆ ਕਿ ਕਰਜ਼ਾ ਮਾਫ ਹੋ ਗਿਆ ਕਰਜ਼ਾ ਮੁਆਫ਼ ਨਹੀਂ ਹੋਇਆ ਸੀ ਸਗੋਂ ਇਹਦੇ ਉਲਟ ਬੈਂਕ ਵੱਲੋਂ ਵਿਆਜ਼ ਪਾ ਕੇ ਰਕਮ ਨੂੰ ਵਧਾ ਦਿੱਤਾ ਗਿਆ ਹੈ । ਪੁਲਿਸ ਉਹ ਦੇ ਘਰ ਵੱਖਰੇ ਗੇੜੇ ਮਾਰੀ ਜਾ ਰਹੀ ਹੈ। ਉਂਝ ਉਹਨੂੰ ਪੁਲਸ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਉਹ ਮੀਡੀਆ ਨੂੰ ਦੁਖੜੇ ਸੁਣਾ ਕੇ ਵਾਪਸ ਪਰਤ ਗਿਆ ਸੀ।
ਤਸੱਲੀ ਦੀ ਗੱਲ ਇਹ ਕਿ ਮੁੱਖ ਮੰਤਰੀ ਦੇ ਨਾਲ ਉੱਚ ਅਧਿਕਾਰੀਆਂ ਦੀ ਬੈਠੀ ਟੀਮ ਨੇ ਸਭ ਨੂੰ ਸਬਰ ਨਾਲ ਸੁਣਿਆ। ਜਨਤਾ ਦਰਬਾਰ ਤੋਂ ਦਿਲ ਹਲਕਾ ਕਰਕੇ ਆ ਰਹੇ ਫਰਿਆਦੀਆਂ ਦੇ ਚਿਹਰੇ ‘ਤੇ ਸੰਤੁਸ਼ਟੀ ਸਾਫ ਝਲਕ ਰਹੀ ਸੀ। ਆਮ ਆਦਮੀ ਪਾਰਟੀ ਨੇ ਟਵਿਟ ਕਰਕੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ। ਇਹ ਵੀ ਦਾਅਵਾ ਕੀਤਾ ਗਿਆ ਕਿ ਸਮੱਸਿਆਵਾਂ ਮੌਕੇ ‘ਤੇ ਹੱਲ ਕਰ ਦਿੱਤੀਆਂ ਗਈਆਂ ਹਨ। ਭਵਿੱਖ ਵਿੱਚ ਜਨਤਾ ਦਰਬਾਰ ਜਾਰੀ ਰਹੇਗਾ।