‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਵੱਧ ਰਹੀ ਮਹਿੰਗਾਈ, ਅਮਨ-ਕਨੂੰਨ ਦੀ ਵਿਗੜ ਰਹੀ ਸਥਿਤੀ ਅਤੇ ਪੰਜਾਬ ਦੇ ਹੋਰਨਾਂ ਭਖ਼ਦੇ ਮਸਲਿਆਂ ਨੂੰ ਲੈ ਕੇ ਸੂਬੇ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ 9 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਡਿਪਟੀ ਕਮਿਸ਼ਨਰਾਂ ਨੂੰ ਯਾਦ ਪੱਤਰ ਸੌਂਪੇਗੀ। ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਯਾਦ ਪੱਤਰ ਵਿੱਚ ਖ਼ਾਸ ਮਸਲੇ ਜਿਸ ਵਿੱਚ ਕਣਕ ਦੇ ਘੱਟ ਝਾੜ ਦਾ ਮੁਆਵਜ਼ਾ ਦੇਣ, ਬਿਜਲੀ ਦੇ ਕੱਟਾਂ ਬਾਰੇ, ਸੁੱਕ ਰਹੇ ਚਾਰੇ ਬਾਰੇ, ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ, ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ, ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵਿੱਚ ਹੋਏ ਸਮਝੌਤੇ ਬਾਰੇ ਲਿਖਿਆ ਜਾਵੇਗਾ।
ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਣਕ ਵਿੱਚ ਘੱਟ ਝਾੜ ਨਿਕਲਣ ਨੂੰ ਕੇਂਦਰ ਸਰਕਾਰ ਤੋਂ ਕੁਦਰਤੀ ਆਫ਼ਤ ਐਲਾਨੀ ਜਾਣ ਦੇ ਲਈ ਚਾਰਾਜੋਈ ਕੀਤੀ ਜਾਵੇ ਅਤੇ ਕੇਂਦਰ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਰੂਪ ਵਿੱਚ ਦੇਣ ਦੀ ਅਪੀਲ ਕਰੇ ਅਤੇ ਪੰਜਾਬ ਸਰਕਾਰ ਘੱਟੋ-ਘੱਟੋ ਢਾਈ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਰੂਪ ਵਿੱਚ ਆਪਣੇ ਕੋਲੋਂ ਦੇਵੇ। ਉਨ੍ਹਾਂ ਨੇ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਵੱਖ ਵੱਖ ਜ਼ੋਨਾਂ ਵਿੱਚ ਵੰਡ ਕੇ ਜੋ ਝੇਨਾ ਲਗਾਉਣ ਦੀਆਂ ਤਰੀਕਾਂ ਦਿੱਤੀਆਂ ਹਨ, ਉਹ ਬਹੁਤ ਖ਼ਤਰਨਾਕ ਹੈ ਕਿਉਂਕਿ ਕਈ ਕਿਸਾਨਾਂ ਦੀ ਫਸਲ ਤਾਂ ਲੇਟ ਹੋ ਜਾਵੇਗੀ। ਫਸਲ ਲੇਟ ਪੱਕਣ ਉੱਤੇ ਜਿਣਸ ਦਾ ਝਾੜ ਘੱਟ ਨਿਕਲੇਗਾ।