Punjab

ਖਾਲਿ ਸਤਾਨ ਦੀ ਮੰਗ ਜਾਇਜ਼ ਹੈ-ਜਥੇਦਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸਿੱਖਾਂ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖ਼ਾਸ ਕਰਕੇ ਪਟਿਆਲੇ ਵਾਲੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਸਿੱਖਾਂ ਦੇ ਲਈ ਜੋ ਦੋਗਲਾ ਰਵੱਈਆ ਅਪਣਾਇਆ ਗਿਆ, ਉਸ ਬਾਰੇ ਅੱਜ ਇੱਕ ਇਕੱਤਰਤਾ ਸੱਦੀ ਗਈ ਸੀ, ਜਿਸਦੇ ਵਿੱਚ 45 ਨੌਜਵਾਨ ਸਿੱਖ ਜਥੇਬੰਦੀਆਂ ਪਹੁੰਚੀਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕੱਤਰਤਾ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਖ਼ਾਲਿਸਤਾਨ ਦੀ ਮੰਗ ਕਰਨਾ ਕੋਈ ਜ਼ੁਰਮ ਨਹੀਂ ਹੈ। ਭਾਰਤ ਦੀ ਸੁਪਰੀਮ ਕੋਰਟ ਵੀ ਇਸਨੂੰ ਜਾਇਜ਼ ਮੰਨਦੀ ਹੈ। ਇਸ ਇਕੱਤਰਤਾ ਵਿੱਚ ਛੇ ਮਤੇ ਪਾਸ ਕੀਤੇ ਗਏ ਹਨ। ਸਿੱਖ ਜਥੇਬੰਦੀਆਂ ਨੇ ਪਹਿਲੇ ਮਤੇ ਵਿੱਚ ਪਟਿਆਲਾ ਘਟਨਾ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਨਿੰਦਿਆ ਹੈ।

ਇਕੱਤਰਤਾ ਵਿੱਚ ਪੰਜਾਬ ਸਰਕਾਰ ਲਈ ਵੀ ਇੱਕ ਮਤਾ ਪਾਸ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ 70ਵੇਂ ਦਹਾਕੇ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਕੁਚਲ ਕੇ ਬਾਕੀ ਸੂਬਿਆਂ ਵਿੱਚ ਚੋਣਾਂ ਜਿੱਤਣ ਦੀ ਰਣਨੀਤੀ ਅਪਨਾਉਣ ਤੋਂ ਵਰਜਿਆ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਫਿਰਕਾਪ੍ਰਸਤੀ ਦੀ ਅੱਗ ਫੈਲਾਉਣ ਵਾਲੇ ਸਾਰੇ ਨਕਲੀ ਸ਼ਿਵ ਸੈਨਿਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸੁਰੱਖਿਆ ਤੁਰੰਤ ਵਾਪਸ ਲੈਣ ਲਈ ਕਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਿਆਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਸਿੱਖਾਂ ਉੱਤੇ ਜ਼ਿਆਦਾ ਜ਼ੁਲਮ ਕੀਤਾ ਹੈ। ਜਥੇਦਾਰ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਸ ਮਸਲੇ ਉੱਤੇ ਸਾਂਝੀ ਕਮੇਟੀ ਬਣਾ ਕੇ ਪੈਰਵਾਈ ਕਰਨ ਦੀ ਰਾਏ ਦਿੱਤੀ ਹੈ। ਜਥੇਦਾਰ ਨੇ ਇਹ ਕਮੇਟੀ ਬਣਾਉਣ ਦੀ ਜ਼ਿੰਮੇਵਾਰੀ ਸਿੱਖ ਸੰਗਤ ਨੂੰ ਸੌਂਪੀ ਹੈ। ਜਥੇਦਾਰ ਨੇ ਕਿਹਾ ਕਿ ਕਮੇਟੀ ਜੋ ਵੀ ਐਲਾਨ ਕਰੇਗੀ, ਉਹ ਸਿੱਖ ਸੰਗਤ ਤੱਕ ਪਹੁੰਚਾਇਆ ਜਾਵੇਗਾ। ਜਥੇਦਾਰ ਨੇ ਪੰਜਾਬ ਦੇ ਹਾਲਾਤਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਵਿੱਚ ਹੈ ਅਤੇ ਅੱਧਾ ਹਿੱਸਾ ਭਾਰਤ ਵਿੱਚ ਹੈ। ਪਾਕਿਸਤਾਨ ਵਾਲੇ ਹਿੱਸੇ ਦਾ ਤਾਂ ਪਤਾ ਨਹੀਂ ਪਰ ਭਾਰਤ ਵਾਲੇ ਪੰਜਾਬ ਦੇ ਹਿੱਸੇ ਨੂੰ ਸਾਡੇ ਰਾਹੀਂ ਬਰਬਾਦ ਕਰ ਦਿੱਤਾ ਗਿਆ ਹੈ। ਇਸ ਧਰਤੀ ਨੂੰ ਇਸ ਲਈ ਬਰਬਾਦ ਕੀਤਾ ਹੈ ਤਾਂ ਜੋ ਅਸੀਂ ਇੱਥੋਂ ਚਲੇ ਜਾਈਏ ਅਤੇ ਇਹ ਇਸ ਧਰਤੀ ਦੇ ਵਾਰਿਸ ਬਣ ਜਾਣ।

ਜਥੇਦਾਰ ਨੇ ਕਿਹਾ ਕਿ ਵੋਟਾਂ ਦਾ ਧਰੁਵੀਕਰਨ ਦੇਸ਼ ਵਿੱਚ ਰਾਜਨੀਤੀ ਦਾ ਪਹਿਲਾ ਅਸੂਲ ਬਣ ਗਿਆ ਹੈ। ਵੋਟਾਂ ਦੇ ਧਰੁਵੀਕਰਨ ਕਰਨ ਦੀ ਚਾਲ ਨੇ ਹੀ 1984 ਦੇ ਘੱਲੂਘਾਰੇ ਨੂੰ ਜਨਮ ਦਿੱਤਾ। ਵੋਟਾਂ ਦੇ ਧਰੁਵੀਕਰਨ ਨੇ ਹੀ ਅੱਜ ਮੁਸਲਮਾਨਾਂ ਨੂੰ ਹਾਸ਼ੀਏ ਉੱਤੇ ਧੱਕਿਆ ਹੋਇਆ ਹੈ ਅਤੇ ਵੋਟਾਂ ਦੇ ਧਰੁਵੀਕਰਨ ਲਈ ਹੀ ਪਟਿਆਲਾ ਕਾਂਡ ਵਾਪਰਿਆ ਹੈ। ਪਟਿਆਲਾ ਕਾਂਡ ਕਰਵਾ ਕੇ ਵੱਖ ਵੱਖ ਭਾਈਚਾਰਿਆਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਥੇਦਾਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿ ਧਰੁਵੀਕਰਨ ਦੀ ਰਾਜਨੀਤੀ ਭਾਰਤ ਦਾ ਬੇੜਾ ਬਿਠਾ ਦੇਵੇਗੀ। ਧਰੁਵੀਕਰਨ ਦੀ ਰਾਜਨੀਤੀ ਕਿਸੇ ਦੇ ਹਿੱਤ ਵਿੱਚ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਸਰਕਾਰ ਆਪਣੀ ਰਾਜ ਸਥਾਪਤੀ ਲਈ ਭਾਈਚਾਰਿਆਂ ਵਿੱਚ ਫੁੱਟ ਪਾਉਣ ਦਾ ਕੰਮ ਕਰਨ ਤੋਂ ਬਾਜ ਆਵੇ।