‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੀ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਹਰਿਆਣਾ ਵਿੱਚ ਹੀ ਰੱਖੇ ਜਾਣ ਦੀ ਮੰਗ ਨੂੰ ਹਾਈ ਕੋਰਟ ਨੇ ਠੁਕਰਾ ਦਿੱਤਾ ਹੈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਦਾ ਬੱਗਾ ਨੂੰ ਦਿੱਲੀ ਵਾਪਸ ਲੈ ਕੇ ਜਾਣ ਦਾ ਰਾਹ ਹੁਣ ਬਿਲਕੁਲ ਸਾਫ਼ ਹੋ ਗਿਆ ਹੈ। ਹਾਈ ਕੋਰਟ ਵਿੱਚ ਪੰਜਾਬ ਸਰਕਾਰ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਹਰਿਆਣਾ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ ਕਿ ਦਿੱਲੀ ਪੁਲਿਸ ਦਾ ਸੁਨੇਹਾ ਮਿਲਣ ਤੇ ਹੀ ਇਹ ਕਾਰਵਾਈ ਹੋਈ ਹੈ ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਨੂੰ ਕੁਰੂਕਸ਼ੇਤਰ ਵਿੱਚ ਨਜ਼ਰਬੰਦ ਨਹੀਂ ਕੀਤਾ ਗਿਆ ਹੈ।ਇਸ ਮੌਕੇ ਪੰਜਾਬ,ਹਰਿਆਣਾ ਤੇ ਦਿੱਲੀ ਪੁਲਿਸ ਨੇ ਆਪੋ-ਆਪਣਾ ਪੱਖ ਰੱਖਿਆ ਹੈ।
ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕੱਲ ਆਪਣਾ ਐਫ਼ੀਡੇਵੀਟ ਦਾਖਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।ਹਰਿਆਣਾ ਸਰਕਾਰ ਨੇ ਆਪਣਾ ਪੱਖ ਰਖਦਿਆਂ ਇਹ ਸਾਫ਼ ਕੀਤਾ ਸੀ ਕਿ ਉਹਨਾਂ ਵਲੋਂ ਪੰਜਾਬ ਦੇ ਕਿਸੇ ਵੀ ਅਧਿਕਾਰੀ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਹੈ ਤੇ ਦਿੱਲੀ ਪੁਲਿਸ ਵਲੋਂ ਵੀ ਇਸੇ ਗੱਲ ਨੂੰ ਲੈ ਕੇ ਆਪਣਾ ਪੱਖ ਸਾਫ਼ ਕੀਤਾ ਗਿਆ ਹੈ।ਦੂਜੇ ਪਾਸੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਹਾਲੇ ਵੀ ਦਿੱਲੀ ਤੇ ਕੁਰੂਕਸ਼ੇਤਰ ਵਿੱਚ ਨਜ਼ਰਬੰਦ ਹਨ ਤੇ ਇਸ ਦੇ ਸੰਬੰਧ ਵਿੱਚ ਹਰਿਆਣਾ ਤੇ ਦਿੱਲੀ ਪੁਲਿਸ ਨੂੰ ਅਦਾਲਤ ਨੇ ਅੱਜ ਦੇਰ ਸ਼ਾਮ ਤੱਕ ਐਫ਼ੀਡੇਵਟ ਅਦਾਲਤ ਵਿੱਚ ਸੌਂਪਣ ਲਈ ਨਿਰਦੇਸ਼ ਦਿੱਤੇ ਗਏ ਹਨ । ਇਸ ਕੇਸ ਦੇ ਸੰਬੰਧ ਵਿੱਚ ਕਲ ਨੂੰ ਦੋਬਾਰਾ ਸੁਣਵਾਈ ਹੋਵੇਗੀ।