Punjab

ਕੱਚੇ ਅਧਿਆਪਕਾਂ ਲਈ ਮਾਨ ਸਾਬ੍ਹ ਦਾ ਨਹੀਂ ਚੱਲਿਆ ਹਰਾ ਪੈੱਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਇਸਦੇ ਲਈ ਉਨ੍ਹਾਂ ਨੇ ਸਰਕਾਰ ਨੂੰ ਚਾਰ ਜਾਂ ਛੇ ਮਹੀਨੇ ਤੱਕ ਦਾ ਸਮਾਂ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ 13 ਹਜ਼ਾਰ ਮੁਲਾਜ਼ਮ ਕੱਚੀ ਕੈਟਾਗਰੀ ਵਿੱਚ ਹੈ। ਸਰਕਾਰ ਨੇ ਖੁਦ ਕਿਹਾ ਸੀ ਕਿ ਸਰਕਾਰ ਆਉਣ ਉੱਤੇ ਹੀ ਸਾਨੂੰ ਰੈਗੂਲਰ ਕੀਤਾ ਜਾਵੇਗਾ। ਸਰਕਾਰ ਨੇ ਦਿੱਲੀ ਦੀ ਤਰਜ਼ ਉੱਤੇ ਸਾਡੀ ਤਨਖਾਹ ਛੇ ਹਜ਼ਾਰ ਤੋਂ 36 ਹਜ਼ਾਰ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਤਾਂ ਸਾਡੇ ਨਾਲ ਮੀਟਿੰਗ ਤੱਕ ਨਹੀਂ ਕਰ ਰਹੀ। ਹਾਲਾਂਕਿ, ਭਗਵੰਤ ਸਿੰਘ ਮਾਨ ਦੀ ਮਾਤਾ ਜੀ ਨੇ ਸਾਨੂੰ 27 ਮਾਰਚ ਨੂੰ ਇੱਕ ਹਫ਼ਤੇ ਦੇ ਅੰਦਰ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਸਾਡੀ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰੈਗੂਲਰ ਅਧਿਆਪਕਾਂ ਨੂੰ ਜਿੰਨੀ ਤਨਖਾਹ ਮਿਲਦੀ ਹੈ, ਸਾਨੂੰ ਤਾਂ ਉਸਦਾ ਚੌਥਾ ਹਿੱਸਾ ਵੀ ਨਹੀਂ ਮਿਲਦਾ। ਉਨ੍ਹਾਂ ਨੂੰ ਸਰਕਾਰੀ ਸਹੂਲਤਾਂ, ਭੱਤੇ ਵੀ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਪੱਕੇ ਮੁਲਾਜ਼ਮਾਂ ਦੇ ਨਾਲ ਕੋਈ ਵਿਤਕਰਾ ਨਹੀਂ ਹੈ, ਅਸੀਂ ਬਸ ਸਰਕਾਰ ਦਾ ਧਿਆਨ ਕੱਚੇ ਅਧਿਆਪਕਾਂ ਵੱਲ ਦਿਵਾ ਰਹੇ ਹਾਂ। ਸਾਡੇ ਨਾਲ ਹਰ ਸਰਕਾਰ ਧੋਖਾ ਕਰਕੇ ਜਾਂਦੀ ਹੈ। ਕੱਚੇ ਅਧਿਆਪਕਾਂ ਨੇ ਸਰਕਾਰ ਨੂੰ ਉਨ੍ਹਾਂ ਦੀ ਤਨਖਾਹ 40 ਹਜ਼ਾਰ ਰੁਪਏ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਗਾਂ ਪੂਰੀਆਂ ਨਾ ਹੋਣ ਉੱਤੇ ਕੱਚੇ ਅਧਿਆਪਕਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਅਧਿਆਪਕਾਂ ਨੇ 15 ਮਈ ਨੂੰ ਸੰਗਰੂਰ ਵਿੱਚ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਅਸੀਂ ਧਰਨੇ ਵਿੱਚ ਵੀ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਵਾਂਗੇ, ਅਸੀਂ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ। ਦਰਅਸਲ, 15 ਮਈ ਤੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ।