Punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਆਏ ਈਡੀ ਦੇ ਅੜਿੱਕੇ

‘ਦ ਖਾਲਸ ਬਿਉਰੋ:ਨਾਜ਼ਾਇਜ਼ ਮਾਇਨਿੰਗ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਈਡੀ ਦੇ ਅੜਿਕੇ ਆ ਗਏ ਹਨ।ਇਸ ਸੰਬੰਧੀ ਕੱਲ ਵੀ ਉਹਨਾਂ ਤੋਂ ਈਡੀ ਨੇ ਕਾਫ਼ੀ ਸਮਾਂ ਪੁਛਗਿਛ ਕੀਤੀ ਸੀ ਤੇ ਦੋਬਾਰਾ ਪੁਛਗਿਛ ਦੀ ਵੀ ਪੂਰੀ ਸੰਭਾਵਨਾ ਹੈ।ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਨੇ ਰੇਡ ਕੀਤੀ ਸੀ ਤੇ 10 ਕਰੋੜ ਰੁਪਏ ਤੇ ਕੁਝ ਹੋਰ ਕਾਫ਼ੀ ਕੀਮਤੀ ਸਾਮਾਨ ਬਰਾਮਦ ਕੀਤਾ ਸੀ।

ਮੁੱਖ ਮੰਤਰੀ ਦੇ ਭਾਣਜੇ ਹਨੀ ਖ਼ਿਲਾਫ਼ 30 ਮਾਰਚ ਨੂੰ ਈਡੀ ਦੀ ਟੀਮ ਨੇ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਹੋਈ, ਜਿਸ ਮਗਰੋਂ ਈਡੀ ਨੇ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਸੀ। ਉਸ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਣ ਤੇ ਬਦਲੇ ’ਚ ਕਰੋੜਾਂ ਰੁਪਏ ਦੀ ਕਮਾਈ ਕਰਨ ਦੇ ਇਲਜ਼ਾਮ ਹਨ। ਈਡੀ ਦੀ ਰੇਡ ਦੌਰਾਨ ਹਨੀ ਦੇ ਅਲਗ-ਅਲਗ ਟਿਕਾਣਿਆਂ ’ਤੋਂ ਬਰਾਮਦ 10 ਕਰੋੜ ,ਲੱਖਾਂ ਰੁਪਏ ਦੀ ਕੀਮਤੀ ਘੜੀਆਂ ਤੇ ਹੋਰ ਕੀਮਤੀ ਸਮਾਨ ਦੀ ਪੜਤਾਲ ਲਈ ਈਡੀ ਨੇ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਹਨੀ ਦੇ ਟਿਕਾਣੇ ਤੋਂ ਮਿਲੇ ਦਸਤਾਵੇਜਾਂ ਦੀ ਪੜਤਾਲ ਵੀ ਕੀਤੀ ਗਈ ਕਿ ਹਨੀ ਕੋਲ ਆਖ਼ਰ 10 ਕਰੋੜ ਰੁਪਏ ਕਿੱਥੋਂ ਆਏ। ਈਡੀ ਅਨੁਸਾਰ ਹਨੀ ਇਹ ਗੱਲ ਮੰਨ ਚੁੱਕਾ ਹੈ ਕਿ ਉਸ ਨੇ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਤੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਬਦਲੇ ਰਿਸ਼ਵਤ ਲੈ ਕੇ ਪੈਸਾ ਕਮਾਇਆ ਸੀ। ਇਸ ਸੰਬੰਧ ਵਿੱਚ ਈਡੀ ਨੂੰ ਪੂਰਾ ਸ਼ੱਕ ਸੀ ਕਿ ਹਨੀ ਮੁੱਖ ਮੰਤਰੀ ਚੰਨੀ ਦੀ ਸਹਿਮਤੀ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦਾ। ਉਦੋਂ ਤੋਂ ਸਾਬਕਾ ਮੁੱਖ ਚੰਨੀ ਈਡੀ ਦੇ ਨਿਸ਼ਾਨੇ ’ਤੇ ਸੀ ਤੇ ਆਖਿਰਕਾਰ ਉਹਨਾਂ ਨੂੰ ਵੀ ਈਡੀ ਨੇ ਸੰਮਨ ਜਾਰੀ ਕਰ ਦਿੱਤੇ ਤੇ ਪੁਛਗਿਛ ਲਈ ਬੁਲਾ ਲਿਆ।