‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ‘ਚ ਹੁਣ ਲੱਚਰ, ਸ਼ਰਾਬ ਵਾਲੇ ਅਤੇ ਹਥਿਆਰਾਂ ਵਾਲੇ ਗੀਤ ਸ਼ਾਇਦ ਹੁਣ ਤੁਹਾਨੂੰ ਸੁਣਨ ਨੂੰ ਨਾ ਮਿਲਣ ਕਿਉਂਕਿ ਹੁਣ ਇਨ੍ਹਾਂ ਗੀਤਾਂ ਨੂੰ ਡੀਜਿਆਂ ‘ਤੇ ਚਲਾਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਵੱਲੋਂ ਸੂਬੇ ਦੇ ਸਾਰੇ ਐਸਐਸਪੀ ਨੂੰ ਹੁਕਮ ਦਿੱਤੇ ਗਏ ਹਨ ਕਿ ਆਪਣੇ ਇਲਾਕਿਆਂ ਵਿੱਚ ਡੀਜੇ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਡੀਜੇ ਉੱਤੇ ਅਸ਼ਲੀਲ, ਸ਼ਰਾਬੀ, ਭੜਕਾਊ ਅਤੇ ਹਥਿਆਰਾਂ ਵਾਲੇ ਗਾਣੇ ਨਾ ਵੱਜਣ, ਜੋ ਨੌਜਵਾਨਾਂ ਨੂੰ ਭੜਕਾਉਂਦੇ ਹਨ ਅਤੇ ਨਸ਼ੇ ਲਈ ਉਤਸ਼ਾਹਿਤ ਕਰਦੇ ਹਨ।
ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਐੱਸਐੱਸਪੀਜ਼ ਨੂੰ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਹ ਲਿਖਤੀ ਆਦੇਸ਼ਾਂ ਦੀਆਂ ਕਾਪੀਆਂ ਵੀ ਭੇਜੀਆਂ ਗਈਆਂ ਹਨ। ਦਰਅਸਲ, ਪੰਜਾਬ ਵਿੱਚ ਵਿਆਹਾਂ, ਪਾਰਟੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਉੱਤੇ ਡੀਜੇ ਉੱਤੇ ਅਜਿਹੇ ਭੜਕਾਊ ਗੀਤ ਵਜਾਏ ਜਾਂਦੇ ਹਨ ਅਤੇ ਪਿਛਲੇ ਸਮੇਂ ਵਿੱਚ ਅਜਿਹੇ ਕਈ ਹਾਦਸੇ ਵੀ ਵਾਪਰੇ ਹਨ। ਡੀਜੇ ਉੱਤੇ ਜਦੋਂ ਹਥਿਆਰਾਂ ਵਾਲੇ ਗੀਤ ਵੱਜਦੇ ਹਨ ਤਾਂ ਲੋਕ ਵੀ ਹਥਿਆਰ ਕੱਢ ਕੇ ਹਵਾਈ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਕਰਕੇ ਕਈ ਹਾਦਸੇ ਵਾਪਰਦੇ ਹਨ ਅਤੇ ਕਈ ਬੇਕੂਸਰਾਂ ਦੀ ਜਾਨ ਵੀ ਚਲੀ ਜਾਂਦੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉੱਤੇ ਪੰਜਾਬ ਦੇ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਪੁਲਿਸ ਮੁਖੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਹੁਣ ਸੂਬੇ ਵਿੱਚ ਅਸ਼ਲੀਲ, ਹਥਿਆਰਾਂ ਅਤੇ ਸ਼ਰਾਬ ਉੱਤੇ ਆਧਾਰਿਤ ਗਾਣੇ ਨਾ ਚੱਲਣ ਦੇਣ।
ਅੱਜ ਦੇ ਪੰਜਾਬੀ ਗਾਇਕਾਂ ਵੱਲੋਂ ਗਾਏ ਜਾਂਦੇ ਗੀਤ ਗੈਂਗਸਟਰ, ਹਿੰਸਾ, ਨਾਜਾਇਜ਼ ਅਸਲੇ ਆਦਿ ਦੀਆਂ ਗੱਲ ਕਰਦਿਆਂ ਇਖ਼ਲਾਕੀ ਪੱਧਰ ਨੂੰ ਹੇਠਾਂ ਡੇਗਣ ਵਿੱਚ ਕੋਈ ਕਸਰ ਨਹੀਂ ਛੱਡਦੇ। ਬੱਸਾਂ ਵਿੱਚ ਵੀ ਅਸ਼ਲੀਲ ਗਾਣੇ ਚਲਾਏ ਜਾਂਦੇ ਹਨ। ਇਸੇ ਤਹਿਤ ਸਾਲ 2015 ਵਿੱਚ ਨਵਾਂਸ਼ਹਿਰ ਵਿੱਚ ਇਸਤਰੀ ਜਾਗ੍ਰਿਤੀ ਮੰਚ ਨੇ ਬੱਸਾਂ ਵਿੱਚ ਅਸ਼ਲੀਲ ਗਾਣੇ ਬੰਦ ਕਰਵਾਉਣ ਲਈ ਡੀਸੀ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਸੀ। ਪਰ ਅੱਜ ਵੀ ਬੱਸਾਂ ਵਿੱਚ ਇਸ ਤਰ੍ਹਾਂ ਦੇ ਗਾਣੇ ਚੱਲਣੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ।