‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਇਕਾਂ ਨੂੰ ਇੱਕ ਵਾਰ ਦੀ ਹੀ ਪੈਨਸ਼ਨ ਦੇਣ ਦੇ ਫ਼ੈਸਲੇ ਦਾ ਪੂਰਾ ਸਮਰਥਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਖ਼ਾਸ ਤੌਰ ‘ਤੇ ਪੰਜਾਬ ਜਦੋਂ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਤਾਂ ਮਲਟੀਪਲ ਪੈਨਸ਼ਨ ਦੇਣਾ ਅਸਮਰੱਥ ਹੈ। ਮਾਨ ਵੱਲੋਂ ਇੱਕ ਪੈਨਸ਼ਨ ਦੇਣ ਦਾ ਫੈਸਲਾ ਸਵਾਗਤਯੋਗ ਹੈ। ਸਰਕਾਰ ਜੋ ਵੀ ਕੰਮ ਚੰਗਾ ਕਰੇਗੀ, ਉਸਦਾ ਅਸੀਂ ਸਵਾਗਤ ਕਰਾਂਗੇ। ਖਹਿਰਾ ਨੇ ਨਾਲ ਹੀ ਕਿਹਾ ਕਿ ਇੱਕ ਪੈਨਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਵਿਧਾਇਕਾਂ ਦਾ ਗੁਜ਼ਾਰਾ ਹੋ ਸਕੇ। ਬਹੁਤ ਸਾਰੇ ਗਰੀਬ, ਪੱਛੜੇ ਵਰਗ ਦੇ ਲੋਕ ਵੀ ਵਿਧਾਇਕ ਬਣਦੇ ਹਨ, ਉਨ੍ਹਾਂ ਦਾ ਸੋਚ ਕੇ ਇੱਕ ਪੈਨਸ਼ਨ ਲਾਉਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਇੱਥੋਂ ਪੈਸੇ ਬਚਾ ਕੇ ਉਹਨੇ ਪੂਰੇ ਨਹੀਂ ਹੋਣੇ ਜਿੰਨੇ ਆਪ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਹਨ।
ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮਾਨ ਦੇ ਇਸ ਫੈਸਲਾ ਦੀ ਸ਼ਲਾਘਾ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਵਿਧਾਇਕਾਂ ਦੀ ਪੈਨਸ਼ਨ ਦਾ ਹਾਰਡਲੀ ਸਾਲਾਨਾ ਇੱਕ ਜਾਂ ਡੇਢ ਕਰੋੜ ਰੁਪਏ ਬਣਦਾ ਹੋਵੇਗਾ। ਰੰਧਾਵਾ ਨੇ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਪ ਦੇ ਬਾਕੀ ਵਾਅਦੇ ਜਿਵੇਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਇਹ ਅੱਜ ਹੀ ਐਲਾਨ ਕਰ ਦੇਣ। ਇਹ ਆਪਣੀਆਂ ਬਾਕੀ ਗਾਰੰਟੀਆਂ ਵੀ ਜਲਦ ਲਾਗੂ ਕਰਨ।
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਫ਼ੈਸਲਾ ਲੈਣ ਤੋਂ ਪਹਿਲਾ ਸੀਨੀਅਰ ਵਿਧਾਇਕਾਂ ਤੋਂ ਸਲਾਹ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਆਪ ਦਾ ਇੱਕ ਸਟੰਟ ਮਾਤਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਚਾਰ ਪਰਿਵਾਰਾਂ ਕਰਕੇ ਇਹ ਫ਼ੈਸਲਾ ਲੈਣਾ ਵਾਜਿਬ ਨਹੀਂ।
ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਅਸੀਂ ਭਾਵੇਂ ਸਹਿਮਤ ਹਾਂ ਪਰ ਉਨ੍ਹਾਂ ਨੂੰ ਇਹ ਫੈਸਲਾ ਰਾਇ ਮਸ਼ਵਰਾ ਕਰਕੇ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਬਾਦਲ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਪੈਸਾ ਲੋਕ ਭਲਾਈ ਹਿੱਤ ਵਰਤਿਆ ਜਾਵੇ। ਮੁੱਖ ਮੰਤਰੀ ਨੂੰ ਇੱਕ ਪਾਸੜ ਫ਼ੈਸਲਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।
ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਪਰ ਨਾਲ ਇਹ ਵੀ ਕਿਹਾ ਕਿ ਫ਼ੈਸਲਾ ਇਕ ਪਾਸੜ ਹੈ ਕਿਉਂਕਿ ਕਈਆਂ ਦਾ ਗੁਜ਼ਾਰਾ ਹੀ ਇਸ ਪੈਨਸ਼ਨ ਨਾਲ ਚੱਲਦਾ ਹੈ।
ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਕਾਂਗਰਸੀ ਵਿਧਾਇਕ ਅਤੇ ਓਲੰਪੀਅਨ ਪ੍ਰਗਟ ਸਿੰਘ ਨੇ ਵੀ ਮਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਡਾ. ਦਲਜੀਤ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਬਹੁਤਾ ਫ਼ਰਕ ਨਹੀਂ ਪੈਣਾ ਪਰ ਫਿਰ ਵੀ ਅਸੀਂ ਫ਼ੈਸਲੇ ਦਾ ਸਵਾਗਤ ਕਰਦੇ ਹਾਂ।