‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਥੋਕ ਗਾਹਕਾਂ ਨੂੰ ਵੇਚਿਆ ਜਾਣ ਵਾਲਾ ਡੀਜ਼ਲ 25 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਇਹ ਕਦਮ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ 40 ਫੀਸਦੀ ਦੇ ਉਛਾਲ ਤੋਂ ਬਾਅਦ ਆਇਆ ਹੈ। ਹਾਲਾਂਕਿ ਪੈਟਰੋਲ ਪੰਪਾਂ ਰਾਹੀਂ ਵੇਚੇ ਜਾਣ ਵਾਲੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਉੱਧਰ ਦੂਜੇ ਪਾਸੇ ਖ਼ਬਰ ਮਿਲ ਰਹੀ ਹੈ ਕਿ ਖਪਤਕਾਰਾਂ ਨੂੰ ਹੁਣ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਉਤਪਾਦਾਂ ਲਈ 10 ਫੀਸਦ ਤੱਕ ਵਧੇਰੇ ਖਰਚ ਕਰਨਾ ਪੈ ਸਕਦਾ ਹੈ। ਕਣਕ, ਪਾਮ ਆਇਲ ਅਤੇ ਪੈਕੇਜਿੰਗ ਸਾਮਾਨ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਐੱਫਐੱਮਸੀਜੀ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਰੂਸ-ਯੂਕਰੇਨ ਯੁੱਧ ਕਾਰਨ ਐੱਫਐੱਮਸੀਜੀ ਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਵੇਗਾ। ਡਾਬਰ ਅਤੇ ਪਾਰਲੇ ਵਰਗੀਆਂ ਕੰਪਨੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਹਿੰਗਾਈ ਦੇ ਦਬਾਅ ਨਾਲ ਨਜਿੱਠਣ ਲਈ ਸਾਵਧਾਨੀ ਨਾਲ ਕਦਮ ਚੁੱਕਣਗੀਆਂ। ਕੁੱਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਨੇ ਪਿਛਲੇ ਹਫ਼ਤੇ ਆਪਣੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।