Punjab

ਹੋਲੇ ਮਹੱਲੇ ਦੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੂਰੇ ਜਾਹੋ ਜਲਾਲ ਨਾਲ ਸਮਾਪਤੀ

‘ਦ ਖ਼ਾਲਸ ਬਿਊਰੋ :ਖਾਲਸੇ ਦੇ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲੇ ਦਾ ਤਿਉਹਾਰ ਅੱਜ ਸ਼ਾਨੋ-ਸ਼ੌਕਤ ਨਾਲ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿੱਖੇ ਸਮਾਪਤ ਹੋ ਗਿਆ। ਸਿੱਖ ਮਰਿਆਦਾ ਅਨੁਸਾਰ ਧੂਮਧਾਮ ਨਾਲ ਮਨਾਏ ਗਏ ਇਸ ਤਿਉਹਾਰ ਵਿੱਚ ਨਾ ਸਿਰਫ਼ ਪੰਜਾਬ,ਸਗੋਂ ਬਾਹਰੋਂ ਆਈਆਂ ਸੰਗਤਾਂ ਨੇ ਵੀ ਉਤਸ਼ਾਹ ਤੇ ਸ਼ਰਧਾ ਨਾਲ ਗੁਰੂਘਰ ਮੱਥਾ ਟੇਕਿਆ। ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਹੋਈ ਤੇ ਉਸ ਮਗਰੋਂ ਦੂਜੇ ਪੜਾਅ ਦੌਰਾਨ ਤਖ਼ਤ ਸ਼੍ਰੀ ਕੇਸਗੜ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ,ਜਿਹਨਾਂ ਦੇ ਭੋਗ ਅੱਜ ਪਾਏ ਗਏ । ਇਸ ਮਗਰੋਂ ਨਗਰ ਕੀਰਤਨ ਕੱਢਿਆ ਗਿਆ ਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ। ਪੂਰੇ ਤਿੰਨ ਦਿਨ ਧਾਰਮਿਕ ਦੀਵਾਨ ਵੀ ਚੱਲੇ,ਜਿਸ ਵਿੱਚ ਲਗਾਤਾਰ ਅੰਮ੍ਰਿਤ ਸੰਚਾਰ ਹੋਇਆ ।

ਇਸ ਸਮਾਗਮ ਦਾ ਇੱਕ ਵੱਡਾ ਆਕਰਸ਼ਨ ਸੀ ਚਰਨ ਗੰਗਾ ਸਟੇਡੀਅਮ ਵਿਖੇ ਹੋਣ ਵਾਲੇ ਘੋੜ ਸਵਾਰੀ, ਤੀਰਅੰਦਾਜ਼ੀ, ਗਤਕੇ ਦੇ ਮੁਕਾਬਲੇ, ਜਿਸ ਦੌਰਾਨ ਜਿੱਤਣ ਵਾਲੀ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲਗਾਤਾਰ ਚੱਲੇ ਧਾਰਮਿਕ ਦੀਵਾਨਾਂ ਵਿੱਚ  ਅੰਮ੍ਰਿਤ ਸੰਚਾਰ ਵੀ ਹੋਇਆ ਤੇ ਸ਼ਾਮਿਲ ਹੋਣ ਵਾਲੀ ਸੰਗਤ ਲਈ ਥਾਂ-ਥਾਂ ਤੇ ਰਹਿਣ ਬਸੇਰਿਆਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ  ।