India International

ਭਾਰਤੀ ਕੰਪਨੀ ਨੇ ਰੂਸ ਤੋਂ ਕੱਚਾ ਤੇਲ ਮੰਗਾਉਣ ਦੇ ਸੌਦੇ ਨੂੰ ਦਿਤਾ ਅੰਤਮ ਰੂਪ

‘ਦ ਖ਼ਾਲਸ ਬਿਊਰੋ :ਭਾਰਤੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਨੇ 30 ਲੱਖ ਬੈਰਲ ਕੱਚਾ ਤੇਲ ਮੰਗਵਾਉਣ ਲਈ ਰੂਸ ਦੀ ਇੱਕ ਤੇਲ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਸ ਦੇ ਲਈ ਦੋਵਾਂ ਕੰਪਨੀਆਂ ਵਿਚਾਲੇ ਸਿੱਧੀ ਗੱਲਬਾਤ ਹੋ ਚੁੱਕੀ ਹੈ, ਹੁਣ ਇਹ ਸੌਦਾ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਰੂਸ ਦੇ ਨਾਲ ਇਹ ਸੌਦਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭਾਰਤ ਲਈ ਮੌਜੂਦਾ ਸਮੇਂ ਵਿੱਚ ਉਪਲਬਧ ਸਭ ਤੋਂ ਵਧੀਆ ਨਿਯਮਾਂ ਅਤੇ ਸ਼ਰਤਾਂ ਦੇ ਆਧਾਰ ‘ਤੇ ਕੀਤਾ ਗਿਆ ਹੈ।
ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਦੇ ਬਾਦ ਵੀ ਭਾਰਤੀ ਤੇਲ ਕੰਪਨੀਆਂ ‘ਤੇ ਰੂਸੀ ਤੇਲ ਕੰਪਨੀਆਂ ਤੋਂ ਕੱਚਾ ਖਰੀਦਣ ਲਈ ਕੋਈ ਪਾਬੰਦੀਆਂ ਨਹੀਂ ਹਨ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾਉਣ ਮਗਰੋਂ ਰੂਸ ਨੇ ਭਾਰਤ ਸਮੇਤ ਹੋਰ ਵੱਡੇ ਦਰਾਮਦਕਾਰਾਂ ਨੂੰ ਰਿਆਇਤੀ ਦਰ ‘ਤੇ ਤੇਲ ਦੀ ਪੇਸ਼ਕਸ਼ ਕੀਤੀ।
ਮੌਜੂਦਾ ਸਮੇਂ ਵਿਚ ਭਾਰਤ ਦੀਆਂ ਹੋਰ ਤੇਲ ਕੰਪਨੀਆਂ ਵੀ ਕੱਚੇ ਤੇਲ ਦੀ ਦਰਾਮਦ ਲਈ ਰੂਸ ਦੀਆਂ ਤੇਲ ਕੰਪਨੀਆਂ ਨਾਲ ਸੌਦੇ ਕਰ ਸਕਦੀਆਂ ਹਨ। ਇਹ ਸੌਦਾ ਅਜਿਹੇ ਸਮੇਂ ‘ਚ ਹੋ ਰਿਹਾ ਹੈ ਜਦੋਂ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ। ਰੂਸ ਦੇ ਹਮਲੇ ਤੋਂ ਬਾਅਦ ਵਿਸ਼ਵ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।