Punjab

ਰਹਿੰਦੇ ਕਿਸਾਨੀ ਮੁੱਦਿਆਂ ਲਈ ਸੰਘਰਸ਼ ਰਹੇਗਾ ਜਾਰੀ :ਸੰਯੁਕਤ ਕਿਸਾਨ ਮੋਰਚਾ

‘ਦ ਖ਼ਾਲਸ ਬਿਊਰੋ :ਕਿਸਾਨ ਅੰਦੋਲਨ ਦੀ ਸ਼ੁਰੂਆਤ ਤੇ ਹੋਂਦ ਵਿੱਚ ਆਏ    ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖੋ-ਵੱਖ ਕਿਸਾਨੀ ਮੁੱਦਿਆਂ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ। ਮੁਹਾਲੀ ਸ਼ਹਿਰ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ ਇਸ ਮੀਟਿੰਗ ਵਿੱਚ ਦਰਸ਼ਨਪਾਲ,ਜਗਜੀਤ ਸਿੰਘ ਡਲੇਵਾਲ,ਹਰਿੰਦਰ ਸਿੰਘ ਲਖੋਵਾਲ ਤੇ ਹੋਰ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫ਼੍ਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਰਹਿੰਦੇ ਕਿਸਾਨੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ 21 ਮਾਰਚ ਨੂੰ ਪੂਰੇ ਦੇਸ਼ ਵਿੱਚ ਤਹਿਸੀਲ ਪੱਧਰ ਤੇ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿਤੇ ਜਾਣਗੇ।ਇਸ ਤੋਂ ਬਾਦ 25 ਮਾਰਚ ਨੂੰ ਰਾਜਪਾਲ ਨੂੰ  ਮੰਗ ਪੱਤਰ ਦਿੱਤਾ ਜਾਵੇਗਾ।   ਕਿਸਾਨ ਆਗੂ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਸਰਕਾਰ ਨੇ ਵਾਅਦਾ ਖਿਲਾਫ਼ੀ ਕੀਤੀ ਹੈ ਪਰ ਹੁਣ ਕਿਸਾਨ ਇਸ ਲਈ ਦੋਬਾਰਾ ਸੰਘਰਸ਼ ਕਰਨਗੇ ਤੇ ਸਾਰੇ ਰਹਿੰਦੇ ਕਿਸਾਨੀ ਮੁੱਦਿਆਂ ਲਈ ਸੰਘਰਸ਼ ਜਾਰੀ ਰਹੇਗਾ।

ਭਾਖੜਾ-ਬਿਆਸ ਮੈਨੇਜਮੈਂਟ ਮੁੱਦੇ ਤੇ ਬੋਲਦਿਆਂ ਕਿਸਾਨ ਆਗੂ ਦਰਸ਼ਨਪਾਲ  ਨੇ ਕਿਹਾ ਕਿ ਕੇਂਦਰ ਦਾ ਦਖਲ ਨਾ ਮਨਜੂਰ ਕਰਨਯੋਗ ਹੈ। ਇਸ ਮੁੱਦੇ ਤੇ ਪੰਜਾਬ-ਹਰਿਆਣਾ ਦੇ ਕਿਸਾਨ ਇੱਕਠੇ ਹੀ ਸੰਘਰਸ਼ ਕਰਨਗੇ । ਇਸ ਵਾਸਤੇ ਡਿਪਟੀ ਕਮਿਸ਼ਨਰਾਂ ਤੇ ਰਾਜਪਾਲ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪਤਰ ਦਿਤਾ ਜਾਵੇਗਾ ਤੇ ਜੇਕਰ ਉਹ ਨਹੀਂ ਮਨਜੂਰ ਕਰਨਗੇ ਤਾਂ ਅੰਬ ਸਾਹਿਬ ਤੋਂ ਪੈਦਲ ਮਾਰਚ ਹੋ ਸਕਦਾ ਹੈ।

ਲਖ਼ੀਮਪੁਰ ਕਾਂਡ ਦੇ ਗਵਾਹਾਂ ਨੂੰ ਜਾਨ ਦਾ ਖਤਰੇ ਦੀ ਗੱਲ ਕਰਦਿਆਂ ਜਗਜੀਤ ਸਿੰਘ ਡਲੇਵਾਲ ਨੇ ਕਿਹਾ ਕਿ  ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਵਾਉਣ ਨੂੰ ਪਹਿਲ ਦੇ ਆਧਾਰ ਤੇ ਮੰਗਾ ਵਿੱਚ ਰੱਖਿਆ ਜਾਵੇਗਾ।ਇਸ ਤੋਂ ਇਲਾਵਾ ਉਹਨਾਂ ਕੱਬਡੀ ਖਿਡਾਰੀ ਸੰਦੀਪ ਅੰਬੀਆ ਦੇ ਕਾਤਲਾਂ ਨੂੰ ਛੇਤੀ ਫ਼ੜਨ ਦੀ ਮੰਗ ਵੀ ਕੀਤੀ।ਪੰਜਾਬ ਵਿਧਾਲ ਸਭਾ ਚੋਣਾਂ  ਲੜਨ ਵਾਲੇ ਕਿਸਾਨ ਨੇਤਾਵਾਂ ਦੇ ਜਿਕਰ ਤੇ ਉਹਨਾਂ ਕਿਹਾ ਕਿ ਇਹ ਸਾਰੇ  ਅਪ੍ਰੈਲ ਤੱਕ ਮੋਰਚੇ ਤੋਂ ਬਰਖਾਸਤਰਹਿਣਗੇ ਤੇ ਇਹਨਾਂ ਬਾਰੇ ਅਗਲਾ ਫ਼ੈਸਲਾ ਉਸ ਤੋਂ ਬਾਦ ਕੀਤਾ ਜਾਵੇਗਾ।