Punjab

ਆਪ ਦੇ ਵਜ਼ੀਰਾਂ ਨੂੰ ਭਲਕ ਨੂੰ ਮਿਲਣਗੀਆਂ ਝੰਡੀ ਵਾਲੀਆਂ ਕਾਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਵਜ਼ਾਰਤ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਲਕ ਨੂੰ ਪੰਜਾਬ ਰਾਜ ਭਵਨ ਵਿੱਚ 11 ਵਜੇ ਸਹੁੰ ਚੁੱਕ ਸਮਾਗਮ ਰੱਖ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੇਂ ਬਣਨ ਵਾਲੇ ਵਜ਼ੀਰਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ।

ਬਣਨ ਵਾਲੇ ਮੰਤਰੀ ਮੰਡਲ ਵਿੱਚ ਹਾਲੇ ਤੱਕ ਅਧਿਕਾਰਤ ਤੌਰ ਉੱਤੇ ਨਾ ਤਾਂ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਗਿਣਤੀ ਦੱਸੀ ਗਈ ਹੈ ਅਤੇ ਨਾ ਹੀ ਸੰਭਾਵਿਤ ਮੰਤਰੀਆਂ ਦੇ ਨਾਂ ਦੱਸੇ ਗਏ ਹਨ। ਜਿਨ੍ਹਾਂ ਵਿਧਾਇਕਾਂ ਦੇ ਨਾਂਵਾਂ ਦੀ ਚਰਚਾ ਚੱਲ ਰਹੀ ਹੈ, ਉਨ੍ਹਾਂ ਵਿੱਚ ਵਿਧਾਇਕ ਦਲ ਦੇ ਸਾਬਕਾ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਜੋਤ ਬੈਂਸ, ਜੈ ਕਿਸ਼ਨ ਰੋੜੀ, ਪ੍ਰਿੰਸੀਪਲ ਬੁੱਧਰਾਮ, ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ, ਪ੍ਰੋ.ਬਲਜਿੰਦਰ ਕੌਰ, ਡਾ.ਜੀਵਨਜੋਤ ਕੌਰ ਅਤੇ ਕੁਲਵੰਤ ਸਿੰਘ ਦੇ ਨਾਂ ਸ਼ਾਮਿਲ ਹਨ। ਆਮ ਆਦਮੀ ਪਾਰਟੀ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਮੰਤਰੀ ਮੰਡਲ ਵਿੱਚ ਦੂਜੀ ਵਾਰ ਵਿਧਾਇਕ ਬਣਨ ਵਾਲੇ ਚਿਹਰਿਆਂ ਨੂੰ ਪਹਿਲ ਦੇ ਆਧਾਰ ਉੱਤੇ ਥਾਂ ਦਿੱਤੀ ਜਾਵੇਗੀ ਪਰ ਕਈ ਨਾਂ ਉਹ ਵੀ ਚੱਲ ਰਹੇ ਹਨ ਜਿਹੜੇ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਵਿੱਚ ਆਏ ਹਨ। ਰੋਪੜ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਨਾਂ ਵੀ ਚੱਲ਼ ਰਿਹਾ ਹੈ। ਉਨ੍ਹਾਂ ਦੀ ਰਾਘਵ ਚੱਢਾ ਨਾਲ ਨੇੜਤਾ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਮੰਤਰੀ ਮੰਡਲ ਵਿੱਚ 17 ਤੋਂ ਵੱਧ ਚਿਹਰੇ ਸ਼ਾਮਿਲ ਨਹੀਂ ਕੀਤੇ ਜਾ ਸਕਦੇ ਹਨ। ਹਾਈਕੋਰਟ ਨੇ ਚੀਫ਼ ਪਾਰਲੀਮੈਂਟ ਸਕੱਤਰਾਂ ਦੇ ਨਾਂ ਉੱਤੇ ਵਜ਼ੀਰੀਆਂ ਵੰਡਣ ਉੱਤੇ ਵੀ ਰੋਕ ਲਗਾ ਰੱਖੀ ਹੈ। ਭਗਵੰਤ ਸਿੰਘ ਮਾਨ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਲੈ ਚੁੱਕੇ ਹਨ। ਉਂਝ, ਅੱਜ ਸ਼ਾਮ ਤੱਕ ਆਪ ਦੇ ਮੰਤਰੀ ਮੰਡਲ ਦੀ ਸੂਚੀ ਸਾਹਮਣੇ ਆਉਣ ਦੀ ਸੰਭਾਵਨਾ ਹੈ।