‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਖਟਕੜ ਕਲਾਂ ਸਹੁੰ ਚੁੱਕ ਸਮਾਗਮ ’ਚ ਪਹੁੰਚੇ।ਭਗਵੰਤ ਮਾਨ ਨੇ ਕੇਜਰੀਵਾਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਲੋਕ ਪਹੁੰਚੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।ਮਾਨ ਨੇ ਕਿਹਾ ਕਿ ਇੱਥੇ ਆਉਣ ਦੀ ਇੱਕ ਖ਼ਾਸ ਵਜ੍ਹਾ ਹੈ। ਪਹਿਲਾਂ ਸਹੁੰ ਚੁੱਕ ਸਮਾਗਮ ਮਹਿਲਾਂ ਵਿੱਚ ਹੁੰਦੇ ਸਨ ਪਰ ਹੁਣ ਇਹ ਸਮਾਗਮ ਸ਼ਹੀਦਾਂ ਦੇ ਪਿੰਡਾਂ ਵਿੱਚ ਹੋਏ ਹਨ। ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਵਾਇਆ, ਉਨ੍ਹਾਂ ਨੂੰ ਯਾਦ ਤਾਂ ਕਰੀਏ। ਜ਼ਰੂਰੀ ਥੋੜਾ ਕਿ ਸਿਰਫ਼ ਦੋ ਦਿਨ ਹੀ ਉਨ੍ਹਾਂ ਨੂੰ ਯਾਦ ਕਰਨਾ। ਮਾਨ ਨੇ ਕਿਹਾ ਕਿ ਹੰਕਾਰ ਨਹੀਂ ਕਰਨਾ, ਕਿਸੇ ਦੇ ਘਰ ਮੂਹਰੇ ਜਾ ਕੇ ਲਲਕਾਰੇ ਨਹੀਂ ਮਾਰਨੇ ਕਿ ਅਸੀਂ ਜਿੱਤ ਗਏ। ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਅਸੀਂ ਉਨ੍ਹਾਂ ਦੇ ਵੀ ਮੁੱਖ ਮੰਤਰੀ ਹਾਂ। ਮਾਨ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ।
ਮਾਨ ਨੇ ਸਹੁੰ ਚੁੱਕਦਿਆਂ ਕਿਹਾ ਕਿ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਠੀਕ ਕਰਾਂਗੇ। ਫਿਰ ਉੱਧਰੋਂ ਅਸੀਂ ਇੱਧਰ ਮੰਗਾਉਣ ਨੂੰ ਤਰਸਦੇ ਫਿਰਦੇ ਹਾਂ ਕਿ ਲਾਸ਼ ਹੀ ਮੰਗਵਾ ਦਿਉ ਜੀ। ਮਾਨ ਨੇ ਬੇਰੁਜ਼ਗਾਰੀ ਤੋਂ ਲੈ ਕੇ ਖੇਤੀ, ਵਪਾਰ, ਭ੍ਰਿਸ਼ਟਾਚਾਰ, ਸਕੂਲ, ਹਸਪਤਾਲ, ਬਹੁਤ ਤਾਣੀ ਉਲਝੀ ਪਈ ਹੈ,ਅਸੀਂ ਇਸ ਉਲਝੀ ਹੋਈ ਤਾਣੀ ਦਾ ਸਿਰਾ ਲੱਭਾਂਗੇ।
ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ। ਪੰਜਾਬ ਵਿੱਚ ਅਸੀਂ ਸਕੂਲ, ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਲੋਕ ਇੱਥੇ ਆ ਕੇ ਫੋਟੋ ਖਿੱਚਵਾ ਕੇ ਜਾਇਆ ਕਰਨਗੇ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾੰ ਨੇ ਬਿਨਾਂ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ, ਉਸਦਾ ਸਹੀ ਉੱਤਰ ਹੋਵੇਗਾ 20 ਫਰਵਰੀ 2022 ਅਤੇ 10 ਮਾਰਚ ਨੂੰ ਉਸਦਾ ਨਤੀਜਾ ਆ ਗਿਆ। ਉਨ੍ਹਾਂ ਨੇ ਕਿਹਾ ਕਿ ਉਨਾਂ ਦੀ ਸਰਕਾਰ ਦਾ ਅੱਜ ਹੀ ਕੰਮ ਸ਼ੁਰੂ ਹੋ ਜਾਵੇਗਾ। ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਨਾ। ਅਸੀਂ ਹੌਲੀ, ਅਰਾਮ ਨਾਲ, ਠਰੰਮੇ ਨਾਲ ਚੱਲਾਂਗੇ।