‘ਦ ਖ਼ਾਲਸ ਬਿਊਰੋ : ਅੱਜ ਕੌਮਾਂਤਰੀ ਔਰਤ ਦਿਵਸ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹੇ ਦੀਆਂ ਔਰਤਾਂ ਵੱਲੋਂ ਵਿਸ਼ਾਲ ਇਕੱਤਰਤਾ ਕਰਕੇ ਵੱਡੀ ਰੈਲੀ ਕੀਤੀ ਗਈ। ਰੈਲੀ ਦੀ ਸ਼ੁਰੂਆਤ ਔਰਤ ਆਗੂਆਂ ਤੇ ਕਿਸਾਨੀ ਘੋਲ ਵਿੱਚ ਸ਼ਹੀਦ ਹੋਈਆਂ ਔਰਤਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਗੁਰਪ੍ਰੀਤ ਕੌਰ ਬਰਾਸ ਵੱਲੋਂ ਔਰਤ ਦਿਵਸ ਨਾਲ ਸਬੰਧਤ ਇਤਿਹਾਸ ਨੂੰ ਸਾਂਝਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ 1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਮੁਜ਼ਾਰਾ ਲਹਿਰ, ਤਿਲੰਗਾਨਾ, ਤਿਭਾਗਾ ਦੀਆਂ ਲਹਿਰਾਂ, ਪੱਛਮੀ ਬੰਗਾਲ ਵਿੱਚ ਉੱਠੀ ਕਿਸਾਨ ਬਗਾਵਤ, ਦਲਿਤ ਮੁਕਤੀ ਲਹਿਰਾਂ, ਆਦਿਵਾਸੀ ਬਗ਼ਾਵਤਾਂ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਉੱਠੀ ਮੁਲਕ ਅੰਦਰ ਇਤਿਹਾਸਕ ਲਹਿਰ ਵਿੱਚ ਔਰਤਾਂ ਦੀ ਬੇਮਿਸਾਲ ਭੂਮਿਕਾ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਵੀ ਨਜਰ ਰੱਖਣਗੀਆਂ ਕਿ ਇਹ ਲਹਿਰਾਂ, ਆਪੋ-ਆਪਣੇ ਖੇਤਰਾਂ ਅੰਦਰ ਚੱਲੀਆਂ ਸਰਗਰਮੀਆਂ ਵਿੱਚ ਔਰਤਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨੂੰ ਯਾਦ ਅਤੇ ਸਲਾਮ ਕਰਦਿਆਂ ਮਨਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਔਰਤ ਸ਼ਕਤੀ ਇਨਕਲਾਬੀ ਸਮਾਜਕ ਬਦਲਾਅ ਦੀ ਜਿੰਦ ਜਾਨ ਹੁੰਦੀ ਹੈ। ਕੋਈ ਵੀ ਲਹਿਰ ਔਰਤ ਤਾਕਤ ਦੇ ਮਜ਼ਬੂਤ ਕਿਲਿਆਂ ਬਿਨਾਂ ਵਧ ਫੁੱਲ ਨਹੀਂ ਸਕਦੀ। ਜ਼ਿੰਦਗੀ ਦੇ ਹਰ ਖੇਤਰ ਵਾਂਗ, ਸਾਹਿਤ ਕਲਾ ਤੇ ਸੱਭਿਆਚਾਰ ਦੇ ਖੇਤਰ ਅੰਦਰ ਜਾਗਰੂਕ ਔਰਤ ਸ਼ਕਤੀ ਨੇ ਨਵੀਂ ਨਰੋਈ ਖੂਬਸੂਰਤ ਦੁਨੀਆਂ ਦੀ ਸਿਰਜਣਾ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਔਰਤਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਦਿੱਲੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੀਆਂ ਔਰਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਲਈ ਇੱਥੇ ਸੈਂਕੜੇ ਔਰਤਾਂ ਇਕੱਠੀਆਂ ਹੋਈਆਂ।ਇਸ ਮੌਕੇ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵੀਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਬੀ.ਕੇ.ਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮਾਨਸਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਹੈ, ਜਿਨ੍ਹਾਂ ਨੇ ਦਿੱਲੀ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੀਆਂ ਅਤੇ ਅੰਦੋਲਨ ਜਿੱਤ ਕੇ ਵਾਪਸ ਪਰਤਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਪੰਜਾਬ ਦੀਆਂ ਔਰਤਾਂ ਸਿਰਫ਼ ਚੁੱਲ੍ਹੇ ਤੱਕ ਹੀ ਸੀਮਤ ਨਾ ਰਹਿਣ, ਸਗੋਂ ਸਰਕਾਰ ਵੱਲੋਂ ਲੋਕਾਂ ਵਿਰੁੱਧ ਲਿਆਂਦੇ ਕਾਨੂੰਨਾਂ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਮੈਦਾਨ ਵਿੱਚ ਆਉਣ।
ਇਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਕੁੜੀਆਂ ਦੀ ਅਗਵਾਈ ‘ਚ ਮਾਰਚ ਕੱਢਿਆ ਗਿਆ ਜਿਸ ਵਿਚ 300 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਇਸ ਮਾਰਚ ਵਿੱਚ ਯੂਨੀਵਰਸਿਟੀ ਦੇ ਹੋਸਟਲਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਈਆਂ।