‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਮੱਠੀ ਪੈਦਿਆਂ ਹੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ । ਅੱਜ ਜਾਰੀ ਹਦਾਇਤਾਂ ਵਿੱਚ ਸਕੂਲ ਕਾਲਜ ਖੋਲਣ ਦੀ ਛੋਟ ਦੇ ਦਿੱਤੀ ਗਈ ਹੈ। ਕਰੋਨਾ ਨਾਲ ਸਬੰਧਿਤ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ 25 ਮਾਰਚ ਤੱਕ ਵਧਾ ਦਿੱਤੀਆਂ ਹਨ । ਲੰਘੇ ਕੱਲ ਦਿੱਲੀ ਸਰਕਾਰ ਨੇ ਪਾਬੰਦੀਆਂ ਨਰਮ ਕਰ ਦਿੱਤੀਆਂ ਸਨ। ਚੰਡੀਗੜ੍ਹ ਪ੍ਰਸਾਸ਼ਨ ਨੇ ਦੋ ਹਫਤੇ ਪਹਿਲਾਂ ਹੀ ਸਕੂਲ ਕਾਲਜ ਖੋਲਣ ਦੀ ਆਗਿਆ ਦੇ ਦਿੱਤੀ ਸੀ।
ਸਰਕਾਰ ਦੇ ਨਵੇਂ ਫੈਸਲੇ ਮੁਤਾਬਿਕ ਕਾਲਜ, ਯੂਨੀਵਰਸਿਟੀਆਂ ਕੋਵਿਡ ਦੇ ਨਿਯਮਾਂ ਨੂੰ ਆਪਣਾਂਦੇ ਹੋਏ ਆਫ਼ਲਾਈਨ ਕਲਾਸਾਂ ਸ਼ੁਰੂ ਕਰ ਸਕਣਗੇ। ਫੈਸਲੇ ਵਿੱਚ ਸਕੂਲ,ਆਈਟੀਆਈ, ਸਿਖਲਾਈ ਸੈਂਟਰ ਅਤੇ ਕੋਚਿੰਗ ਸੰਸਥਾਵਾਂ ਸ਼ਾਮਲ ਹਨ। ਨਿਜ਼ੀ ਵਿਦਿਅਕ ਅਦਾਰੇ ਵੀ ਸਰਕਾਰ ਦੀਆਂ ਹਦਾਇਤਾਂ ਮੰਨਣ ਦੇ ਪਾਬੰਦ ਹੋਣਗੇ। ਇਸ ਦੇ ਨਾਲ ਹੀ ਸਿਨੇਮਾਹਾਲ, ਬਾਰ ,ਮਾਲ ਰੈਸਟੋਰੈਂਟ ਅਤੇ ਸਪੋਰਟਸ ਕੰਪਲੈਕਸ 75 ਫ਼ੀਸਦੀ ਸਮਰੱਥਾ ਨਾਲ ਖੋਲੇ ਜਾ ਸਕਦੇ ਹਨ। ਏਸੀ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਬਿਠਾਣ ਦਾ ਸ਼ਰਤ ਬਰਕਰਾਰ ਰਹੇਗੀ। ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ।