‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਸੰਗਲ ਖੋਲ੍ਹ ਦਿੱਤੇ ਹਨ। ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਤਾਜ਼ਾ ਹੁਕਮਾਂ ਵਿੱਚ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਉੱਤੇ 11 ਫਰਵਰੀ ਤੱਕ ਪਾਬੰਦੀ ਰਹੇਗੀ ਪਰ ਇੱਕ ਹਜ਼ਾਰ ਤੱਕ ਭੀੜ ਇਕੱਠੀ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਜਦਕਿ ਹਾਲ ਵਿੱਚ 500 ਤੋਂ ਵੱਧ ਬੰਦੇ ਇਕੱਠੇ ਕਰਨ ‘ਤੇ ਰੋਕ ਹਟਾ ਦਿੱਤੀ ਗਈ ਹੈ। ਇਸਦੇ ਨਾਲ ਹੀ ਚੋਣ ਟੀਮ ਵਿੱਚ ਮੈਂਬਰਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਗਈ ਹੈ। ਪਹਿਲਾਂ ਇਹ 10 ਸੀ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕਮਿਸ਼ਨ ਨੇ ਡਿਜੀਟਲ ਤਰੀਕੇ ਨਾਲ ਪ੍ਰਚਾਰ ਕਰਨ ਦੀ ਹਦਾਇਤ ਕਰਦਿਆਂ ਰੋਡ ਸ਼ੋਅ ਅਤੇ ਰੈਲੀਆਂ ‘ਤੇ ਪਾਬੰਦੀਆਂ ਬਰਕਰਾਰ ਰੱਖੀ ਹੈ।
ਭਾਰਤੀ ਚੋਣ ਕਮਿਸ਼ਨ ਨੇ ਪਿਛਲੀ 22 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਜਨਤਕ ਰੈਲੀਆਂ ‘ਤੇ ਪਾਬੰਦੀ ਵਧਾ ਦਿੱਤੀ ਸੀ। ਕਮਿਸ਼ਨ ਵੱਲੋਂ ਅੱਠ ਜਨਵਰੀ ਨੂੰ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਕਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਰੈਲੀਆਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਤੋਂ ਬਾਅਦ 15 ਜਨਵਰੀ ਦੀ ਮੀਟਿੰਗ ਵਿੱਚ ਮਾਮੂਲੀ ਢਿੱਲ ਦਿੱਤੀ ਗਈ ਜਦਕਿ 22 ਜਨਵਰੀ ਦੀ ਮੀਟਿੰਗ ਵਿੱਚ ਮੀਟਿੰਗਾਂ ਦੀ ਗਿਣਤੀ 50 ਫ਼ੀਸਦੀ ਨਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਖੁੱਲ੍ਹੇ ਥਾਂ ਭੀੜ ਦੀ ਗਿਣਤੀ 300 ਤੱਕ ਸੀਮਤ ਕੀਤੀ ਗਈ ਸੀ। ਕਮਿਸ਼ਨ ਨੇ ਨਵਾਂ ਫੈਸਲਾ ਪਿਛਲੇ ਦਿਨੀਂ ਕਰੋਨਾ ਦੇ ਕੇਸਾਂ ਦੀ ਗਿਣਤੀ ਘਟਣ ਨੂੰ ਲੈ ਕੇ ਲਿਆ ਗਿਆ ਹੈ।