Punjab

ਪੰਜਾਬ ‘ਚ ਨਹੀਂ ਚੱਲਣਗੀਆਂ ਬਾਦਲਾਂ ਦੀਆਂ ਬੱਸਾਂ

‘ਦ ਖ਼ਾਲਸ ਬਿਊਰੋ :- 1 ਜੂਨ ਯਾਨਿ ਕੱਲ੍ਹ ਟਰਾਂਸਪੋਰਟ ਵਿਭਾਗ ਵੱਲੋ ਅੰਤਰਰਾਜੀ ਬੱਸ ਸੇਵਾ ਲਈ ਅਕਾਲੀ ਦਲ ਬਾਦਲਾਂ ਦੀ ਬੱਸ ਕੰਪਨੀ ਔਰਬਿਟ ਨੂੰ ਪਹਿਲਾਂ ਹੱਥੋ-ਹੱਥੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਰ ਜਦੋਂ ਇਸ ਗੱਲ ਦੀ ਭਾਫ਼ ਬਾਹਰ ਨਿਕਲਣ ਲੱਗੀ ਤਾਂ ਸੂਬਾ ਸਰਕਾਰ ਨੇ ਅੰਦਰੋ-ਅੰਦਰੀ ਸਿਆਸੀ ਬਦਨਾਮੀ ਦੇ ਡਰੋਂ ਯੂ-ਟਰਨ ਲੈ ਲਿਆ। ਅਤੇ ਇਸ ਮਤੇ ਨੂੰ ਇਜਾਜ਼ਤ ਦੇਣ ਵਾਲੇ ਇੱਕ ਕਲਰਕ ‘ਤੇ ਕਾਰਵਾਈ ਕਰ ਉਸ ਨੂੰ ਕੱਲ੍ਹ ਹੀ ਮੁਅੱਤਲ ਕਰ ਦਿੱਤਾ।

ਸੂਬੇ ਵਿੱਚ ਕੋਵਿਡ-19 ਦੌਰਾਨ ਅੰਤਰਰਾਜੀ ਬੱਸ ਸੇਵਾ ਚਾਲੂ ਕਰਨ ਦਾ ਫ਼ੈਸਲਾ ਲੈਣ ਦਾ ਹੱਕ ਸੂਬਾ ਸਰਕਾਰਾਂ ਕੋਲ ਹੈ ਤੇ ਕੋਈ ਵੀ ਟਰਾਂਸਪੋਰਟ ਅਧਿਕਾਰੀ ਆਪਣੇ ਪੱਧਰ ’ਤੇ ਫ਼ੈਸਲਾ ਨਹੀਂ ਲੈ ਸਕਦਾ ਹੈ। ਪਰ ਜਾਣਕਾਰੀ ਮੁਤਾਬਕ ਔਰਬਿਟ ਕੰਪਨੀ ਨੇ ਪੰਜਾਬ ਤੋਂ ਚੰਡੀਗੜ੍ਹ ’ਚ ਦਾਖ਼ਲ ਹੋਣ ਲਈ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਵਾਸਤੇ ਦਰਖ਼ਾਸਤ ਦਿੱਤੀ ਸੀ, ਜਿਸ ਨੂੰ ਬਿਨਾ ਸਹਿਮਤੀ ਦੇ ਜਲਦ ਪ੍ਰਵਾਨ ਕਰ ਲਿਆ ਗਿਆ।

ਬਠਿੰਡਾ ਦੇ ਦਫ਼ਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਨੇ ਕੱਲ੍ਹ ਇੱਕ ਪੱਤਰ ਨੰਬਰ 5204/ਆਰ.ਟੀ.ਏ ਤਹਿਤ ਸਟੇਟ ਟਰਾਂਸਪੋਰਟ ਅਥਾਰਿਟੀ ਯੂ.ਟੀ. ਚੰਡੀਗੜ੍ਹ ਨੂੰ ਜਾਰੀ ਕਰ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ ਅੰਤਰਰਾਜੀ ਰੂਟਾਂ ’ਤੇ ਬੱਸਾਂ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਔਰਬਿਟ ਕੰਪਨੀ ਨੂੰ ਮਨਜ਼ੂਰੀ ਦੇ ਦਿੱਤੀ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾਊਂਟਰ ਸਾਈਨ ਕਰਵਾ ਲੈਣ।

ਖੇਤਰੀ ਟਰਾਂਸਪੋਰਟ ਦਫ਼ਤਰ ਦੇ ਇਸ ਫ਼ੈਸਲੇ ’ਤੇ ਸੁਆਲ ਚੱਕਦੇ ਕਿਹਾ ਕਿ ਟਰਾਂਸਪੋਰਟ ਵਿਭਾਗ ਔਰਬਿਟ ਨੂੰ ਸੜਕਾਂ ’ਤੇ ਉਤਾਰਨ ਲਈ ਏਨਾ ਕਾਹਲਾ ਕਿਉਂ ਹੈ ਜਦਕਿ ਬਾਕੀ ਪ੍ਰਾਈਵੇਟ ਟਰਾਂਸਪੋਰਟ ਹਾਲੇ ਬੰਦ ਹੈ। ਇੱਥੋਂ ਤੱਕ ਕਿ ਅੰਤਰਰਾਜੀ ਰੂਟਾਂ ’ਤੇ ਸਰਕਾਰੀ ਟਰਾਂਸਪੋਰਟ ਵੀ ਨਹੀਂ ਚੱਲ ਰਹੀਆਂ ਹਨ। ਬਾਦਲਾਂ ਦੀ ਟਰਾਂਸਪੋਰਟ ਦੀਆਂ ਕੁੱਲ 33 ਬੱਸਾਂ ਯੂਟੀ ਚੰਡੀਗੜ੍ਹ ਵਿੱਚ ਦਾਖ਼ਲ ਹੁੰਦੀਆਂ ਹਨ।

ਬਠਿੰਡਾ ਰਿਜਨਲ ਟਰਾਂਸਪੋਰਟ ਅਥਾਰਿਟੀ, ਦੀ ਸਕੱਤਰ ਹਰਜੋਤ ਕੌਰ ਨੇ ਕਿਹਾ ਕਿ ਦਫ਼ਤਰ ਦੇ ਕਲਰਕ ਨੇ ਰੁਟੀਨ ਦੇ ਕੰਮ ਦੇ ਧਿਆਨ ਵਿੱਚ ਆਪਣੇ ਪੱਧਰ ’ਤੇ ਹੀ ਔਰਬਿਟ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਖ਼ਿਲਾਫ਼ ਕਾਰਵਾਈ ਲਈ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਔਰਬਿਟ ਨੂੰ ਦਿੱਤੀ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ। ਸੂਤਰ ਮੁਤਾਬਕ ਜਦੋਂ ਔਰਬਿਟ ਨੂੰ ਹਰੀ ਝੰਡੀ ਮਿਲਣ ਮਗਰੋਂ ਹੋਰ ਟਰਾਂਸਪੋਰਟਰਾਂ ਬੱਸ ਸਰਵਿਸ ਨੇ ਵੀ ਹਿਲਜੁੱਲ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਮਾਮਲਾ ਦੋ ਘੰਟਿਆਂ ਵਿੱਚ ਹੀ ਬਾਹਰ ਆ ਗਿਆ। ਮੁੱਖ ਮੰਤਰੀ ਦਫ਼ਤਰ ਨੇ ਸਿਆਸੀ ਭੂਚਾਲ ਦੇ ਡਰੋਂ ਫੌਰੀ ਟਰਾਂਸਪੋਰਟ ਵਿਭਾਗ ਦੇ ਉੱਚ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਕਿ ਇਹ ਪ੍ਰਵਾਨਗੀ ਵਾਪਸ ਲਈ ਜਾਵੇ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਔਰਬਿਟ ਦੀਆਂ ਛੇ ਬੱਸਾਂ ਚੱਲੀਆਂ

ਸੂਤਰ ਮੁਤਾਬਕ ਔਰਬਿਟ ਕੰਪਨੀ ਨੇ ਅੱਜ ਪੰਜਾਬ ਵਿੱਚ ਛੇ ਬੱਸਾਂ ਚਾਲੂ ਕਰ ਦਿੱਤੀਆਂ ਹਨ ਜਦੋਂ ਕਿ ਬਾਕੀ ਪ੍ਰਾਈਵੇਟ ਟਰਾਂਸਪੋਰਟ ਹਾਲੇ ਸੜਕਾਂ ’ਤੇ ਨਹੀਂ ਚੜ੍ਹੇ ਹਨ। ਔਰਬਿਟ ਦੀਆਂ ਬਠਿੰਡਾ ਤੋਂ ਪਟਿਆਲਾ ਤੇ ਬਠਿੰਡਾ ਤੋਂ ਲੁਧਿਆਣਾ ਲਈ ਤਿੰਨ-ਤਿੰਨ ਬੱਸਾਂ ਚੱਲੀਆਂ। ਜਦਕਿ ਔਰਬਿਟ ਦੀਆਂ ਦਰਜਨ ਬੱਸਾਂ ਚੱਲਣਗੀਆਂ।

ਅੰਤਰਰਾਜੀ ਬੱਸਾਂ ਲਈ ਪ੍ਰਵਾਨਗੀ ਨਹੀਂ ਮਿਲੀ:

ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਦਾ ਕਹਿਣਾ ਹੈ ਕਿ ਅੰਤਰਰਾਜੀ ਬੱਸ ਸੇਵਾ ਲਈ ਹਾਲੇ ਪੰਜਾਬ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ. ਦਫ਼ਤਰ ਬਠਿੰਡਾ ਵੱਲੋਂ ਔਰਬਿਟ ਨੂੰ ਪੱਤਰ ਜਾਰੀ ਕਰਨ ਵਾਲੇ ਕਲਰਕ ਵਿਵੇਕ ਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਅੰਤਰਰਾਜੀ ਬੱਸ ਸੇਵਾ ਚਾਲੂ ਕਰਨ ਬਾਰੇ ਫ਼ੈਸਲਾ ਕੋਈ ਖੇਤਰੀ ਦਫ਼ਤਰ ਨਹੀਂ ਲੈ ਸਕਦਾ ਤੇ ਕੇਵਲ ਸਰਕਾਰ ਲੈ ਸਕਦੀ ਹੈ। ਔਰਬਿਟ ਬਾਰੇ ਉਨ੍ਹਾਂ ਆਖਿਆ ਕਿ ਕਲਰਕ ਨੇ ਅਣਜਾਣਪੁਣੇ ਵਿੱਚ ਗਲਤੀ ਕਰ ਦਿੱਤੀ ਹੈ।