Punjab

ਚੰਨੀ ਨੇ 70 ਹਜ਼ਾਰ ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 70 ਹਜ਼ਾਰ ਤੋਂ ਵੱਧ ਵਰਕਰਾਂ ਦੇ ਮਸਲਿਆਂ ਦੇ ਹੱਲ ਦਾ ਐਲਾਨ ਕਰਨ ਲਈ ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਇੱਕ ਰੈਲੀ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਚੰਨੀ ਨੇ ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਲਈ ਕਈ ਵੱਡੇ ਐਲਾਨ ਕੀਤੇ। ਚੰਨੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਸਰਕਾਰਾਂ ਦਾ ਫਰਜ਼ ਹੈ। ਇਸ ਦੇ ਨਾਲ ਹੀ
ਚੰਨੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇ ਜੁਮਲੇ ਦਿੱਤੇ ਜਾ ਰਹੇ ਹਨ। ਔਰਤਾਂ ਨੂੰ ਹਜ਼ਾਰ ਰੁਪਏ ਦੀ ਲੋੜ ਨਹੀਂ ਹੈ।

ਚੰਨੀ ਨੇ ਐਲਾਨਾਂ ਦੀ ਲੜੀ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਵਿੱਚ 22 ਹਜ਼ਾਰ ਆਸ਼ਾ ਵਰਕਰਾਂ ਹਨ। ਆਸ਼ਾ ਵਰਕਰਾਂ ਲਈ 64 ਕਰੋੜ 25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਮਿਲੇਗਾ ਅਤੇ ਇਹ ਫਿਕਸ ਭੱਤਾ ਹੋਵੇਗਾ। ਚੰਨੀ ਨੇ ਨਾਲ ਹੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦਾ ਪੰਜ ਲੱਖ ਰੁਪਏ ਦਾ ਹੈਲਥ ਕੈਸ਼ਲੈੱਸ ਬੀਮਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਛੁੱਟੀ ਦੀ ਲੋੜ ਹੋਵੇਗੀ, ਜਿਵੇਂ ਪੱਕੇ ਕਰਮਚਾਰੀਆਂ ਨੂੰ ਛੁੱਟੀ ਮਿਲਦੀ ਹੈ, ਉਵੇਂ ਹੀ ਇਨ੍ਹਾਂ ਨੂੰ ਵੀ ਮਿਲੇਗੀ।

ਚੰਨੀ ਨੇ ਮਿਡ ਡੇ ਮੀਲ ਵਰਕਰਾਂ ਲਈ ਵੀ ਵੱਡਾ ਐਲਾਨ ਕੀਤਾ। ਚੰਨੀ ਨੇ ਮਿਡ ਡੇ ਮੀਲ ਵਰਕਰਾਂ ਦੇ ਲਈ 2200 ਦੀ ਜਗ੍ਹਾ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ। ਚੰਨੀ ਨੇ ਕਿਹਾ ਕਿ ਇਹ ਭੱਤਾ 10 ਮਹੀਨਿਆਂ ਦੀ ਜਗ੍ਹਾ ਪੂਰੇ 12 ਮਹੀਨਿਆਂ ਦਾ ਮਿਲਿਆ ਕਰੇਗਾ। ਇਸਦੇ ਲਈ 60 ਕਰੋੜ ਰੁਪਏ ਲੱਗਣਗੇ। ਇਹ 1 ਜਨਵਰੀ ਨੂੰ ਲਾਗੂ ਹੋ ਜਾਵੇਗਾ। ਚੰਨੀ ਨੇ ਆਪਣੇ ਸੋਹਲੇ ਗਾਉਂਦਿਆਂ ਕਿਹਾ ਕਿ ਅਸੀਂ ਉਹ ਕੰਮ ਕਰਦੇ ਹਾਂ ਜੋ ਅਸੀਂ ਗਰੀਬੀ ਵਿੱਚ ਹੰਢਾਏ ਹਨ। ਮਿਡ ਡੇ ਮੀਲ ਵਰਕਰਾਂ ਮੇਰੀਆਂ ਸਕੀਆਂ ਭੈਣਾਂ ਹਨ। ਤੁਹਾਡਾ ਭਾਈ ਹਰ ਵੇਲੇ ਤੁਹਾਡੇ ਲਈ ਹਾਜ਼ਰ ਹੈ।