India Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀ ਸਿੱਖ ਸੰਗਤ ਕਰੇ ਅਰਦਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਦੀ ਸਿੰਘਾਂ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ‘ਤੇ ਪੰਥਕ ਸੇਵਾ ਵਿੱਚ ਲੱਗੇ ਵੱਖ-ਵੱਖ ਨੌਜਵਾਨ ਜਥਿਆਂ ਰਾਹੀਂ ਸਰਗਰਮ ਪੰਥ ਸੇਵਕਾਂ ਅਤੇ ਕਾਰਕੁੰਨਾਂ ਨੇ ਜਲੰਧਰ ਦੇ ਇੱਕ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 9 ਬੰਦੀ ਸਿੰਘ ਅਜਿਹੇ ਹਨ, ਜਿਹੜੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਹਨ। ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਸਮੂਹ ਸੰਗਤਾਂ 26 ਦਸੰਬਰ 2021 ਨੂੰ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਬੰਦ ਖਲਾਸੀ ਲਈ ਅਰਦਾਸ ਸਮਾਗਮ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ।

ਇਹਨਾਂ ਬੰਦੀ ਸਿੰਘਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ ਖੇੜਾ ਸ਼ਾਮਿਲ ਹਨ। ਸਿੰਘਾਂ ਨੇ ਕਿਹਾ ਕਿ ਭਾਰਤ ਦੇ ਕਾਨੂੰਨ ਮੁਤਾਬਿਕ ਇਹਨਾਂ ਬੰਦੀ ਸਿੰਘਾਂ ਦੇ ਮਾਮਲੇ ਪੱਕੀ ਰਿਹਾਈ ਕਰ ਦੇਣ ਲਈ ਯੋਗ ਤੇ ਢੁੱਕਵੇਂ ਮਾਮਲੇ ਹਨ, ਕਾਨੂੰਨ ਮੁਤਾਬਕ ਵੀ ਹੁਣ ਉਹਨਾਂ ਨੂੰ ਰਿਹਾਅ ਕਰਨਾ ਬਣਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸਾਰੇ ਕਾਨੂੰਨੀ ਅੜਿੱਕੇ ਹੁਣ ਦੂਰ ਹੋ ਚੁੱਕੇ ਹਨ ਅਤੇ ਸਿਰਫ ਰਿਹਾਈ ਦੇ ਪਰਵਾਨੇ ਉੱਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਦਸਤਖਤ ਬਾਕੀ ਹਨ। ਸੋ, ਕੇਂਦਰ ਸਰਕਾਰ ਵੱਲੋਂ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਜਾਰੀ ਕੀਤੇ ਗਏ ਪ੍ਰੋ. ਭੁੱਲਰ ਦੀ ਰਿਹਾਈ ਦੇ ਐਲਾਨ ਦੇ ਅਨੁਸਾਰ ਦਿੱਲੀ ਸਰਕਾਰ ਰਹਿੰਦੀ ਕਾਗਜੀ ਕਾਰਵਾਈ ਪੂਰੀ ਕਰਕੇ ਉਹਨਾਂ ਦੀ ਪੱਕੀ ਰਿਹਾਈ ਕਰੇ।