‘ਦ ਖ਼ਾਲਸ ਬਿਊਰੋ :- ਗੁਰਦਾਸਪੁਰ ਦੇ ਡੀਸੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਦਰਅਸਲ ਇਨ੍ਹਾਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਤੇ ਬੋਤਲਾਂ ਦੀ ਵਿਕਰੀ ਦਾ ਧਿਆਨ ਰੱਖਣ ਲਈ ਲਗਾਈ ਗਈ ਸੀ। ਪਰ ਇਸ ਤੋਂ ਬਾਅਦ ਡੈਮੋਕਰੇਟਿਕ ਟੀਚਰਜ਼ ਫੰਰਟ ਦੀ ਅਗਵਾਈ ਹੇਠ ਅਧਿਆਪਕਾਂ ਨੇ ਡੀਸੀ ਦਫ਼ਤਰ ਬਾਹਰ ਧਰਨਾ ਦਿੱਤਾ।
ਉੱਧਰ ਇਸ ਮਾਮਲੇ ਬਾਰੇ ਡੀਸੀ ਮੁਹੰਮਦ ਇਸ਼ਫਾਕ ਨੇ ਕਿਹਾ, “ਕੋਰੋਨਾ ਸੰਕਟ ਦੇ ਚੱਲਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਵੱਖ-ਵੱਖ ਕੰਮਾਂ ਲਈ ਲਗਾਤਾਰ ਡਿਊਟੀ ਲਗਾਈ ਜਾ ਰਹੀ ਹੈ। ਪਰ ਇਸ ਡਿਊਟੀ ਵਿਸ਼ੇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਹੁਣ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ।”
ਜਦਕਿ ਇਹ ਹੁਕਮ ਗੁਰਦਾਸਪੁਰ ਦੇ ਡੀਸੀ ਨੇ ਜਾਰੀ ਕੀਤੇ ਸਨ ਕਿ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਕੋਰੋਨਾਵਾਇਰਸ ਦੀ ਰੋਕਥਾਮ ਲਈ ਜਾਰੀ ਤਾਲਾਬੰਦੀ ਦੌਰਾਨ ਹੁਣ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਹਿਸਾਬ-ਕਿਤਾਬ ਕਰਨਗੇ, ਤਾਂ ਜੋ ਸ਼ਰਾਬ ਫੈਕਟਰੀਆਂ ਵਿੱਚ ਹੋ ਰਹੀ ਧਾਂਦਲੀ ਰੋਕੀ ਜਾ ਸਕੇ। ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਅਧਿਆਪਕਾਂ ਨੂੰ ਫੈਕਟਰੀ ਵਿੱਚ ਬਣੀਆਂ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਗਿਆ ਹੈ, ਆਦੇਸ਼ ਮੁਤਾਬਕ ਅਧਿਆਪਕ ਇਹ ਯਕੀਨੀ ਬਣਾਉਣਗੇ ਕਿ ਕਿੰਨੀਆਂ ਬੋਤਲਾਂ ਬਣੀਆਂ ਤੇ ਕਿੰਨੀਆਂ ਵਿਕੀਆਂ ਹਨ।