‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਵੱਲੋਂ ਕੱਲ ਦਿੱਲੀ ਮੋਰਚਿਆਂ ਤੋਂ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸੀ ਕੀਤੀ ਗਈ ਹੈ। ਹਾਲੇ ਵੀ ਕੁੱਝ ਕਿਸਾਨ ਦਿੱਲੀ ਮੋਰਚਿਆਂ ‘ਤੇ ਹੀ ਹਨ। ਇਨ੍ਹਾਂ ਵਿੱਚ ਲਾਈਫ ਕੇਅਰ ਫਾਊਂਡੇਸ਼ਨ, ਮੈਡੀਕਲ ਸੇਵਾਵਾਂ ਦੇਣ ਵਾਲੇ ਦਾਨੀ ਸੱਜਣ ਮਿੱਤਰ ਸ਼ਾਮਿਲ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਰੇ ਕਿਸਾਨ ਦਿੱਲੀ ਬਾਰਡਰਾਂ ਤੋਂ ਰਵਾਨਾ ਹੋ ਜਾਣਗੇ, ਉਸ ਤੋਂ ਬਾਅਦ ਉਹ ਵਾਪਸ ਜਾਣਗੇ ਕਿਉਂਕਿ ਕਿਸੇ ਵੇਲੇ ਵੀ ਕਿਸੇ ਵੀ ਕਿਸਾਨ ਨੂੰ ਕੋਈ ਮੈਡੀਕਲ ਸੇਵਾ ਦੀ ਜ਼ਰੂਰਤ ਪੈ ਸਕਦੀ ਹੈ। ਬੀਤੀ ਰਾਤ ਇਨ੍ਹਾਂ ਕਿਸਾਨਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ।
ਡਾਕਟਰਾਂ, ਕਿਸਾਨਾਂ ਵੱਲੋਂ ਬੀਤੀ ਰਾਤ ਨੂੰ ਦਿੱਲੀ ਬਾਰਡਰਾਂ ‘ਤੇ ਕਿਸਾਨੀ ਹੱਕ ਵਿੱਚ ਗੀਤ ਗਾਏ ਗਏ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਕਿਸਾਨਾਂ ਨੇ ਭਾਵੁਕ ਹੋ ਕੇ 1947 ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਤਾਂ ਇੱਥੇ ਇੱਕ ਸਾਲ ਬਿਤਾਉਣ ਤੋਂ ਬਾਅਦ ਹੁਣ ਆਪਣਾ ਸਮਾਨ ਸਮੇਟ ਕੇ ਜਾਣ ਸਮੇਂ ਇੰਨਾ ਦੁੱਖ ਹੋ ਰਿਹਾ ਹੈ ਤਾਂ ਉਸ ਵਕਤ ਜੋ ਲੋਕ ਉੱਥੇ ਇੰਨੇ ਸਾਲ ਰਹੇ, ਉਨ੍ਹਾਂ ਨੂੰ ਆਪਣੀਆਂ ਜਵਾਨ ਧੀਆਂ ਨੂੰ ਮਾਰ ਕੇ, ਆਪਣਾ ਘਰ-ਬਾਰ ਉਜਾੜ ਕੇ ਵੰਡੇ ਹੋਏ ਪੰਜਾਬ ਵਿੱਚ ਆਉਣ ਸਮੇਂ ਕਿੰਨਾ ਦੁੱਖ ਹੋਇਆ ਹੋਵੇਗਾ। ਲੋਕਾਂ ਨੂੰ ਇੱਧਰ-ਉੱਧਰ ਜਾਣਾ ਪਿਆ। ਨੌਜਵਾਨ ਕਿਸਾਨਾਂ ਨੇ ਕਿਹਾ ਕਿ ਸਾਡਾ ਇੱਥੋਂ ਜਾਣ ਨੂੰ ਦਿਲ ਨਹੀਂ ਕਰ ਰਿਹਾ ਪਰ ਫਿਰ ਵੀ ਅਸੀਂ ਇੱਥੋਂ ਜਿੱਤ ਕੇ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਤਾਂ ਕਿਸਾਨ ਮੋਰਚੇ ਵਿੱਚ ਵੀ ਇੱਕ ਛੋਟਾ ਜਿਹਾ ਹਸਪਤਾਲ ਬਣਾ ਦਿੱਤਾ ਹੈ। ਪਰ ਸਾਡੇ ਅੱਜ ਦੇ ਸਿਸਟਮ ਵਿੱਚ ਸਿਹਤ, ਸਿੱਖਿਆ ਸਮੇਤ ਕਈ ਵੱਡੇ ਮੁੱਦੇ ਹਨ ਜਿਨ੍ਹਾਂ ‘ਤੇ ਸਰਕਾਰ ਗੌਰ ਨਹੀਂ ਕਰ ਰਹੀ। ਕਿਸਾਨ ਮੋਰਚੇ ਨੇ ਸਾਰਿਆਂ ਦਾ ਵਿਸ਼ਵਾਸ ਅਤੇ ਦਿਲ ਦੋਵੇਂ ਜਿੱਤ ਲਿਆ ਹੈ। ਲਾਈਫ ਕੇਅਰ ਫਾਊਂਡੇਸ਼ਨ ਨੇ ਪੂਰੇ ਕਿਸਾਨ ਮੋਰਚੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ।