India Khalas Tv Special Punjab

ਚੋਣਾਂ 2022 ਫਤਿਹ ਕਰਨ ਲਈ ਆਪਣੇ ‘ਸਿਆਸੀ ਚੱਪੂਆਂ’ ਨਾਲ ਤਿਆਰ ‘ਪੰਜਾਬ ਦੇ ਸੁੱਭਚਿੰਤਕ’

-ਜਗਜੀਵਨ ਮੀਤ
ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਪੂਰੇ ਦੇਸ਼ ਸਣੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਕਈ ਸਿਆਸੀ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਵੱਲੋਂ ਕੀਤੀਆਂ ਲੋਕਾਂ ਨਾਲ ਵਾਅਦਾਖਿਲਾਫੀਆਂ ਵਿੱਚ ਆਪਣੀ ਸਿਆਸੀ ਭਵਿੱਖ ਨਜਰ ਆਉਣ ਲੱਗਾ ਹੈ। ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੁਣ ਲੋਕਾਂ ਦੇ ਨੇੜੇ ਹੋਣੋ ਡਰਦੇ ਵੀ ਹਨ ਤੇ ਹਿਆਂ ਵੀ ਕਰ ਰਹੇ ਹਨ ਕਿ ਲੋਕਾਂ ਦੀ ਗੱਲ ਘੱਟੋ-ਘੱਟੋ ਇਸ ਵਾਰ ਤਾਂ ਜਰੂਰ ਸੁਣ ਲਈ ਜਾਵੇ, ਕਿਉਂ ਕਿ ਦਿੱਲੀ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਰੂਪ ਵਿੱਚ ਲਿਆ ਗਿਆ ਵੱਡਾ ਪੰਗਾ ਮਹਿੰਗਾ ਸਾਬਤ ਹੋ ਰਿਹਾ ਹੈ ਤੇ ਲੋਕ ਸਵਾਲ ਕਰਨਾ ਸਿੱਖ ਗਏ ਹਨ।

ਖਾਸਕਰਕੇ ਪੰਜਾਬ ਵਿਚ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਯੋਜਨਾਬੱਧ ਤਰੀਕੇ ਨਾਲ ਗੱਦੀਓਂ ਲਾਹੁਣ ਤੋਂ ਬਾਅਦ ਦਲਿਤ ਭਾਈਚਾਰੇ ਵਿੱਚੋਂ ਉਭਰ ਕੇ ਸਾਹਮਣੇ ਆਉਣ ਵਾਲੇ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਗੱਲ ਸੁਣਨ ਵਿੱਚ ਕੋਈ ਕੁਤਾਹੀ ਨਹੀਂ ਵਰਤ ਰਹੇ ਹਨ। ਉਨ੍ਹਾਂ ਨੇ ਇਹ ਤਾਂ ਜਰੂਰ ਭਾਂਪ ਲਿਆ ਹੈ ਕਿ ਹੁਣ ਮੌਕਾ ਵੀ ਹੈ ਤੇ ਦਸਤੂਰ ਵੀ ਤੇ ਸਮਾਂ ਵੀ ਘੱਟ ਹੈ ਕਿ ਲੋਕ ਮੁੱਦਿਆਂ ਉੱਤੇ ਕੰਮ ਕਰ ਲਿਆ ਜਾਵੇ।ਉੱਤੋਂ 2022 ਵੀ ਬਹੁਤਾ ਦੂਰ ਨਹੀਂ ਹੈ। ਪਾਰਟੀ ਕੋਈ ਵੀ ਹੋਵੇ, ਸਿਆਸੀ ਲੀਡਰ ਆਪਣਾ ਚੇਹਰਾ ਤੇ ਕੰਮ ਚਮਕਾਉਣ ਵਿਚ ਲਗਾਤਾਰ ਲੱਗੇ ਹੋਏ ਹਨ। ਪਰ ਸਵਾਲ ਇਹ ਹੈ ਕਿ ਲੋਕਾਂ ਨੂੰ ਆਪਣੇ ਰੋਲ ਮਾਡਲ ਲੱਗਦੇ ਇਹ ਲੀਡਰ ਕੀ ਸੱਚਮੁੱਚ ਪੰਜਾਬ ਦੇ ਵਿਕਾਸ ਮੁੱਦੇ ਉੱਤੇ ਸਿਆਸੀ ਸਮੀਕਰਣ ਬਦਲਣ ਵਿਚ ਕੋਈ ਭੂਮਿਕਾ ਨਿਭਾ ਸਕਣਗੇ।

ਨਵਜੋਤ ਸਿੱਧੂ


ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਆਪਣੇ ਹੀ ਕਿਸੇ ਮੁੱਖ ਮੰਤਰੀ ਨੂੰ ਮੁੱਦਿਆਂ ਉੱਤੇ ਘੇਰਿਆ ਹੋਵੇ ਤੇ ਉਸਨੂੰ ਤਖਤ ਵਿਹਲਾ ਕਰਨਾ ਪੈ ਗਿਆ ਹੋਵੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਐਮ ਦੀ ਕੁਰਸੀ ਛੱਡਣ ਤੇ ਉਸ ਉੱਪਰ ਚਰਨਜੀਤ ਸਿੰਘ ਚੰਨੀ ਦੇ ਬੈਠਣ ਤੋਂ ਬਾਅਦ ਹੋਵੇ ਨਾ ਹੋਵੇ ਨਵਜੋਤ ਸਿੰਘ ਸਿੱਧੂ ਦਾ ਇਕ ਵਾਰ ਜਰੂਰ ਕੱਦ ਉੱਚਾ ਹੋਇਆ ਹੈ। ਬੀਤੇ ਸਾਲ ਵਿੱਚ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਤਲਖ਼ੀ ਵੀ ਵਧੀ ਹੈ।
ਨਵਜੋਤ ਸਿੰਘ ਸਿੱਧੂ ਦੀ ਸਿਆਸਤ ਤੋਂ ਗ਼ੈਰ-ਹਾਜ਼ਿਰੀ ਹੋਵੇ, ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਹੋਵੇ, ਸੁਖਪਾਲ ਖਹਿਰਾ ਦਾ ਸਿਆਸਤ ਤੋਂ ਆਰਜ਼ੀ ਸੰਨਿਆਸ ਤੇ ਕੈਪਟਨ ਦੀ ਬਾਂਹ ਫੜਨ ਤੋਂ ਲੈ ਜੇਲ੍ਹ ਤੱਕ ਦੀ ਯਾਤਰਾ ਹੋਵੇ, ਇਸ ਨਾਲ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਜਰੂਰ ਆਇਆ ਹੈ। ਉਪਰੋਂ ਚੰਨੀ ਨੇ ਵੀ ਛੁਪੇ ਰੁਸਤਮ ਵਾਂਗ ਲੋਕਾਂ ਵਿਚ ਆਪਣੀ ਠੁੱਕ ਬਣਾ ਲਈ ਹੈ।

ਸਭ ਤੋਂ ਪਹਿਲਾਂ ਨਵਜੋਤ ਸਿੱਧੂ ਬਾਰੇ ਗੱਲ ਕਰਨੀ ਜਰੂਰ ਬਣਦੀ ਹੈ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਹੁੰ ਚੁੱਕ ਸਮਾਗਮ ਮੌਕੇ ਪਹੁੰਚਣ ਅਤੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੂੰ ਬਾਹਾਂ ਵਿੱਚ ਲੈਣ ਤੋਂ ਬਾਅਦ 2019 ਦੇ ਸਿਆਸੀ ਸਫ਼ਰ ਦੀ ਤਸਵੀਰ ਨੇ ਨਵੇਂ ਲਿਸ਼ਕਾਰੇ ਮਾਰੇ ਹਨ।ਬਾਜਵਾ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਕਿ ਉਹ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਕਰਤਾਪੁਰ ਲਾਂਘਾ ਖੋਲ੍ਹਣ ਜਾ ਰਿਹਾ ਹੈ। ਇਸੇ ਵਾਅਦੇ ਤੋਂ ਬਾਅਦ ਹੀ ਨਵਜੋਤ ਸਿੱਧੂ ਨੇ ਬਾਜਵਾ ਨੂੰ ਜੱਫ਼ੀ ਪਾ ਲਈ ਸੀ ਜੋ ਉਨ੍ਹਾਂ ਦੇ ਵਿਰੋਧੀਆਂ ਲਈ ਨਿਸ਼ਾਨਾ ਬਣਾਉਣ ਦਾ ਮੌਕਾ ਬਣੀ ਰਹੀ ਹੈ।ਲੰਘੇ ਦਿਨੀਂ ਵੀ ਨਵਜੋਤ ਸਿੱਧੂ ਇਮਰਾਨ ਖਾਨ ਨੂੰ ਇਹ ਕਹਿ ਬੈਠੇ ਕੇ ਉਹ ਤਾਂ ਭਾਈ ਹੈ ਮੇਰਾ। ਇਸੇ ਨੂੰ ਲੈ ਕੇ ਕਈ ਦਿਨ ਚੁੰਝ ਚਰਚਾ ਬਣੀ ਰਹੀ ਹੈ।

ਨਵਜੋਤ ਮਈ 2019 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਲਈ ਸਟਾਰ ਪ੍ਰਚਾਰਕ ਬਣੇ ਰਹੇ ਹਨ।ਕਾਂਗਰਸ ਲਈ ਕਈ ਰੈਲੀਆਂ ਵਿਚ ਉਨ੍ਹਾਂ ਦੀ ਬੇਬਾਕੀ ਨੇ ਵਿਰੋਧੀਆਂ ਦੇ ਦਿਲ ਧੜਕਾਏ ਹਨ। ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਨਵਜੋਤ ਸਿੱਧੂ ਨੇ ਦੂਰੀ ਵੀ ਰੱਖੀ ਤੇ ਆਪਣੀ ਹੀ ਸਰਕਾਰ ਨੂੰ ਉਨ੍ਹਾਂ ਮੁੱਦਿਆਂ ਉੱਤੇ ਘੇਰਿਆ ਜਿਨ੍ਹਾਂ ਦਾ ਸਿੱਧਾ ਸਿਆਸੀ ਸਬੰਧ ਹੈ।

ਆਪਣੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਹਮੇਸ਼ਾ ਨਸ਼ਿਆਂ, ਬੇਅਦਬੀਆਂ, ਰੁਜਗਾਰ, ਰੇਤ ਮਾਫੀਆ ਦੀ ਗੱਲ ਕੀਤੀ ਹੈ। ਨਸ਼ਿਆਂ ਦੇ ਖਾਤਮੇ ਉੱਤੇ ਸਹੁੰ ਖਾਣੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭਾਰੀ ਪਈ ਹੈ। ਵਿਰੋਧੀਆਂ ਨੇ ਇਹ ਵੀ ਇਲਜਾਮ ਲਾਏ ਸਨ ਕਿ ਨਵਜੋਤ ਸਿੰਘ ਸਿਆਸੀ ਲਾਹਾ ਲੈਣ ਲਈ ਕੈਪਟਨ ਨਾਲ ਨੂਰਾ ਕੁਸ਼ਤੀ ਖੇਡ ਰਹੇ ਹਨ।ਪਰ ਨਵਜੋਤ ਸਿੱਧੂ ਨੇ ਮੁੱਦੇ ਗਰਮ ਰੱਖੇ ਤੇ ਪੰਜਾਬੀਆਂ ਦੇ ਦਿਲਾਂ ਵਿਚ ਥਾਂ ਬਣਾਉਣ ਦੀ ਹਰ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਲੋਕਾਂ ਦੇ ਨੇੜੇ ਹੋ ਸਕਦੇ।ਸਿੱਧੂ ਮੁੱਦਿਆਂ ਨੂੰ ਲੈ ਕੇ ਹਾਲੇ ਵੀ ਚੰਨੀ ਦੇ ਦੁਆਲੇ ਹੋਏ ਰਹਿੰਦੇ ਹਨ, ਬੇਸ਼ੱਕ ਚੰਨੀ ਦੇ ਸੀਐਮ ਬਣਨ ਤੋਂ ਬਾਅਦ ਸਿੱਧੂ ਨੇ ਚੰਨੀ ਦੀ ਬਾਂਹ ਫੜਕੇ ਰੱਖੀ ਹੈ।

ਭਗਵੰਤ ਮਾਨ


ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਟਾਰ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਅਹਿਮ ਚਿਹਰਾ ਸਨ। ਪਰ ਉਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਮੀਦ ਅਨੁਸਾਰ ਕਾਮਯਾਬੀ ਨਹੀਂ ਮਿਲੀ ਸੀ।ਫਿਰ ਵੀ ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਪਹੁੰਚੀ ਸੀ।ਇੱਕ ਆਗੂ ਵਜੋਂ ਭਗਮੰਤ ਮਾਨ ਦੀਆਂ ਤਕਰੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਵੇਂ ਉਹ ਲੋਕ ਸਭਾ ਹੋਵੇ ਜਾਂ ਪੰਜਾਬ ਦੀ ਕੋਈ ਰੈਲੀ, ਉਨ੍ਹਾਂ ਦੇ ਭਾਸ਼ਣ ਬੜੇ ਚਾਅ ਨਾਲ ਸੁਣੇ ਜਾਂਦੇ ਹਨ ਤੇ ਸੋਸ਼ਲ ਮੀਡੀਆ ਦੇ ਵੀ ਕਾਫੀ ਹੁੰਗਾਰਾ ਮਿਲਦਾ ਹੈ।2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਇੱਕੋ-ਇੱਕ ਸੀਟ ਭਗਵੰਤ ਮਾਨ ਨੇ ਹੀ ਸੰਗਰੂਰ ਤੋਂ ਜਿੱਤੀ ਸੀ। ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਕਈ ਵਾਰ ਉਨ੍ਹਾਂ ਲਈ ਵਿਵਾਦ ਦਾ ਵਿਸ਼ਾ ਬਣੀ ਹੈ, ਪਰ ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ਕਈ ਵਾਰ ਉਨ੍ਹਾਂ ਲਈ ਵਿਵਾਦ ਦਾ ਕਾਰਨ ਬਣਦੀ ਰਹੀ ਹੈ। 2019 ਦੀਆਂ ਲੋਕ ਸਭ ਚੋਣਾਂ ਤੋਂ ਠੀਕ ਪਹਿਲਾਂ ਭਗਵੰਤ ਮਾਨ ਨੇ ਇੱਕ ਰੈਲਾ ਦੌਰਾਨ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਸ਼ਰਾਬ ਛੱਡ ਦਿੱਤੀ ਹੈ।ਇਸ ਐਲਾਨ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕੁਰਬਾਨੀ ਤੱਕ ਕਹਿ ਦਿੱਤਾ ਸੀ ਜਦਕਿ ਭਗਵੰਤ ਮਾਨ ਨੇ ਉਸ ਨੂੰ ਪੰਜਾਬ ਲਈ ਆਪਣਾ ਫਰਜ਼ ਕਰਾਰ ਦਿੱਤਾ ਸੀ।

ਪਰ ਫਿਰ ਵੀ ਸ਼ਰਾਬ ਨਾਲ ਜੁੜਿਆ ਕੋਈ ਨਾ ਕੋਈ ਵਿਵਦ ਭਗਵੰਤ ਮਾਨ ਲਈ ਸਿਰਦਰਦ ਬਣਦਾ ਰਿਹਾ। ਇੱਕ ਵਾਰ ਲੋਕ ਸਭਾ ਵਿੱਚ ਭਾਸ਼ਣ ਦਿੰਦਿਆਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਜਭੂਸ਼ਣ ਸ਼ਰਣ ਸਿੰਘ ਨੇ ਭਗਵੰਤ ਮਾਨ ਨੂੰ ਆ ਕੇ ਸੁੰਘਿਆ ਸੀ। ਜਦੋਂ ਅਗਲੀ ਵਾਰ ਭਗਵੰਤ ਮਾਨ ਲੋਕ ਸਭਾ ਵਿੱਚ ਭਾਸ਼ਣ ਦੇਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਕਿਹਾ, “ਮੈਂ ਬੋਲਣ ਜਾ ਰਿਹਾ ਹਾਂ, ਜੇ ਕਿਸੇ ਨੇ ਆ ਕੇ ਸੁੰਘਣਾ ਹੈ ਤਾਂ ਪਹਿਲਾਂ ਹੀ ਸੁੰਘ ਲਓ।”

ਦੱਸ ਦਈਏ ਕਿ ਸਾਲ ਦੇ ਆਖਰੀ ਮਹੀਨੇ ਵਿੱਚ ਭਗਵੰਤ ਮਾਨ ਇੱਕ ਪੱਤਰਕਾਰ ਦੇ ਸਵਾਲ ‘ਤੇ ਭੜਕ ਗਏ ਸੀ। ਪੱਤਰਕਾਰ ਨੇ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਵਜੋਂ ਭੂਮਿਕਾ ‘ਤੇ ਸਵਾਲ ਚੁੱਕੇ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਉਸ ਪੱਤਰਕਾਰ ਨਾਲ ਕਾਫੀ ਬਹਿਸ ਹੋਈ ਸੀ।ਭਾਵੇਂ ਬਾਅਦ ਵਿੱਚ ਭਗਵੰਤ ਮਾਨ ਉਸ ਪੱਤਰਕਾਰ ਨਾਲ ਜੱਫ਼ੀਆਂ ਪਾਉਂਦੇ ਵੀ ਨਜ਼ਰ ਆਏ ਸੀ।
ਕੁੱਲ ਮਿਲਾ ਕੇ ਭਗਵੰਤ ਮਾਨ ਇੱਕ ਵੱਡਾ ਚਿਹਰਾ ਹਨ ਪਰ ਕਈ ਵਾਰ ਉਨ੍ਹਾਂ ਨੂੰ ਨਾਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਜੂਝਣਾ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨਾ, ਉਨ੍ਹਾਂ ਲਈ 2020 ਵਿੱਚ ਵੱਡੀਆਂ ਚੁਣੌਤੀਆਂ ਹੋਣਗੀਆਂ।ਦੂਜੀ ਗੱਲ ਲੋਕਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਨੂੰ ਹੀ ਆਮ ਆਦਮੀ ਪਾਰਟੀ ਆਪਣੀ ਸੀਐੱਮ ਚਿਹਰਾ ਬਣਾਵੇਗੀ, ਪਰ ਕੇਜਰੀਵਾਲ ਆਪਣੀਆਂ ਪੰਜਾਬ ਫੇਰੀਆਂ ਵਿਚ ਇਹ ਹਾਲੇ ਤੈਅ ਨਹੀਂ ਕਰ ਸਕੇ ਹਨ ਕਿ ਭਗਵੰਤ ਮਾਨ ਹੀ ਆਪ ਦਾ ਸੀਐਮ ਚਿਹਰਾ ਹੋਣਗੇ।

ਸੁਖਦੇਵ ਢੀਂਡਸਾ


2018 ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਇਸ ਕਦਮ ਦੇ ਕਈ ਸਿਆਸੀ ਮਤਲਬ ਕੱਢੇ ਜਾ ਰਹੇ ਸਨ।ਪਰ ਉਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਨੇ ਸਾਰੀਆਂ ਕਿਆਸਰਾਈਆਂ ਨੂੰ ਇਹ ਕਹਿ ਕੇ ਠੱਲ੍ਹ ਪਾ ਦਿੱਤੀ ਸੀ ਕਿ ਉਹ ਤੇ ਉਨ੍ਹਾਂ ਦੇ ਪਿਤਾ ਸੁਖਦੇਵ ਢੀਂਡਸਾ ਪਾਰਟੀ ਦੇ ਨਾਲ ਹਨ।ਪਰ 2019 ਖ਼ਤਮ ਹੁੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਮੁੜ ਤੋਂ ਬਗਾਵਤ ਦਾ ਝੰਡਾ ਚੁੱਕ ਲਿਆ।14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।ਉੱਥੇ ਉਨ੍ਹਾਂ ਨੇ ਅਕਾਲੀ ਦਲ ਤੇ ਖ਼ਾਸਕਰ ਸੁਖਬੀਰ ਬਾਦਲ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਆਪਣੀ ਜੱਦੀ ਜਾਇਦਾਦ ਸਮਝ ਲਿਆ ਹੈ।
ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਵੀ ਉਨ੍ਹਾਂ ਦੇ ਨਾਲ ਹਨ।ਸੁਖਦੇਵ ਢੀਂਡਸਾ ਨੇ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ ਪਾਰਟੀ ਵਿੱਚ ਚੱਲ ਰਹੇ ਮੌਜੂਦਾ ਸਿਸਟਮ ਖਿਲਾਫ਼ ਲੋਕਾਂ ਨੂੰ ਇਕੱਠਾ ਜ਼ਰੂਰ ਕਰਨਗੇ। ਫਿਲਹਾਲ ਸੁਖਦੇਵ ਢੀਂਡਸਾ ਅਕਾਲੀ ਦਲ ਵਿੱਚ ਹਨ, ਰਾਜ ਸਭਾ ਮੈਂਬਰ ਵੀ ਹਨ ਤੇ ਉਨ੍ਹਾਂ ਨੇ ਕੋਈ ਪਾਰਟੀ ਵੀ ਨਹੀਂ ਬਣਾਈ ਹੈ। ਉਹ ਅਕਾਲੀ ਦਲ ਦੇ ਸਾਬਕਾ ਆਗੂ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਨਾਲ ਵੀ ਖੜ੍ਹੇ ਨਜ਼ਰ ਆ ਰਹੇ ਹਨ।2020 ਹੁਣ ਚੜ੍ਹ ਗਿਆ ਹੈ ਤੇ ਨਵੇਂ ਸਾਲ ਵਿੱਚ ਸੁਖਦੇਵ ਢੀਂਡਸਾ ਬਗਾਵਤ ਦਾ ਝੰਡਾ ਕਿੰਨਾ ਬੁਲੰਡ ਚੁੱਕਦੇ ਹਨ, ਇਹ ਸਿਆਸੀ ਗਲਿਆਰਿਆਂ ਲਈ ਦਿਲਚਸਪੀ ਦਾ ਵਿਸ਼ਾ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ


ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਇਕ ਥੰਮ੍ਹ ਵਜੋਂ ਜਾਣੇ ਜਾਂਦੇ ਰਹੇ ਹਨ, ਪਰ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸਾਢੇ ਚਾਰ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਉਸ ਵੇਲੇ ਟਾਰਗੇਟ ਉੱਤੇ ਲਿਆ ਗਿਆ ਜਦੋਂ ਨਵਜੋਤ ਸਿੱਧੂ ਦੇ ਬਗਾਵਤੀ ਸੁਰ ਉਠਣ ਲੱਗੇ। ਨਵਜੋਤ ਸਿਧੂ ਇਹ ਹਮੇਸ਼ਾ ਦਾਅਵਾ ਕਰਦੇ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਮੁੱਦਿਆਂ ਨੂੰ ਲੈ ਕੇ ਨਬਜ ਪਛਾਣਦੇ ਰਹੇ ਹਨ ਤੇ ਅੱਗੇ ਵੀ ਉਹ ਪੰਜਾਬ ਦੇ ਲੋਕਾਂ ਦੀ ਹੀ ਗੱਲ ਕਰਨਗੇ।ਸਿੱਧੂ ਦੀ ਮੁਦਿਆਂ ਉੱਤੇ ਸਿਆਸਤ ਅਤੇ ਕੈਪਟਨ ਨਾਲ ਰੱਫੜ ਦਾ ਇਹ ਨਤੀਜਾ ਨਿਕਲਿਆ ਕਿ ਉਨ੍ਹਾਂ ਨੂੰ ਆਪਣੀ ਕੁਰਸੀ ਤਿਆਗਣੀ ਪਈ।ਕੈਪਟਨ ਦੀ ਲਗਾਤਾਰ ਸਿੱਧੂ ਨਾਲ ਲਾਗਡਾਟ ਚੱਲਦੀ ਰਹੀ ਹੈ, ਇਸ ਸਾਰੇ ਦੇ ਵਿਚਾਲੇ ਪੰਜਾਬ ਦੇ ਲੋਕਾਂ ਨੇ ਵੀ ਇਕ ਵਾਰ ਮਹਿਸੂਸ ਕੀਤਾ ਹੈ ਕਿ ਕੈਪਟਨ ਤੇ ਸਿੱਧੂ ਦੀ ਲੜਾਈ ਨਿਜੀ ਹੈ ਤੇ ਇਸ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ। ਚਾਰੇ ਪਾਸਿਓਂ ਦਬਾਅ ਦੇ ਮਾਹੌਲ ਵਿਚ ਕੈਪਟਨ ਨੇ ਕੁਰਸੀ ਛੱਡੀ ਤੇ ਕਾਂਗਰਸ ਪਾਰਟੀ ਨੂੰ ਜੈ ਹਿੰਦ ਆਖ ਦਿੱਤਾ। ਹੁਣ ਆਪਣੀ ਕਾਂਗਰਸ ਪਾਰਟੀ ਬਣਾ ਕੇ ਕੈਪਟਨ ਇਕ ਵਾਰ ਫਿਰ ਪੰਜਾਬ ਦੀ ਸਿਆਸਤ ਵਿਚ ਨਿਤਰ ਰਹੇ ਹਨ।ਦੂਜੇ ਪਾਸੇ ਕਾਂਗਰਸ ਦੇ 18 ਨੁਕਾਤੀ ਪ੍ਰੋਗਰਾਮ ਨੂੰ ਵੇਲਾ ਰਹਿੰਦੇ ਸਿਰੇ ਚਾੜ੍ਹਨ ਲਈ ਸਿੱਧੂ ਤੇ ਚੰਨੀ ਤਕਰੀਬਨ ਨਾਲ ਨਾਲ ਚੱਲ ਰਹੇ ਹਨ।

ਸੁਖਬੀਰ ਬਾਦਲ


ਸੁਖਬੀਰ ਬਾਦਲ ਦੇ ਹੱਥੋਂ ਸੱਤਾ ਇਸ ਤਰ੍ਹਾਂ ਖੁਸੀ ਹੈ ਕਿ ਪੰਜਾਬ ਅੰਦਰ ਆਪਣੇ ਪੈਰ ਜਮਾਉਣ ਲਈ ਸੁਖਬੀਰ ਤਰਲੋ ਮੱਛੀ ਹੋਏ ਪਏ ਹਨ। ਕਦੀ ਦਲਿਤ ਚੇਹਰੇ ਵਾਲਾ ਉੱਪ ਮੁੱਖ ਮੰਤਰੀ ਤੇ ਕਦੇ ਬੇਅਦਬੀ ਦੇ ਦੋਸ਼ ਦੂਜੀਆਂ ਪਾਰਟੀਆਂ ਉੱਤੇ ਮੜ੍ਹ ਕੇ ਆਪਣੀ ਸਾਖ ਬਚਾਉਣ ਵਿਚ ਲੱਗੇ ਸੁਖਬੀਰ ਬਾਦਲ ਨੂੰ ਘਰਵਾਲੀ ਹਰਸਿਮਰਤ ਸਣੇ ਖੇਤੀ ਕਾਨੂੰਨਾਂ ਨੇ ਵੀ ਘੇਰ ਕੇ ਰੱਖਿਆ ਹੋਇਆ ਹੈ।ਸਿੱਧੂ, ਚੰਨੀ, ਕੇਜਰੀਵਾਲ ਤੇ ਹੋਰ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਸੁਖਬੀਰ ਬਾਦਲ ਦੀ ਸ਼ਿਰੋਮਣੀ ਅਕਾਲੀ ਦਲ ਪਾਰਟੀ ਨੂੰ ਟੱਕਰ ਦੇਣ ਲਈ ਪੂਰੀ ਤਿਆਰੀ ਖਿੱਚੀ ਗਈ ਹੈ, ਦੂਜੇ ਬੰਨੇ ਸੁਖਬੀਰ ਵੀ 2022 ਲਈ ਖਾਸਕਰਕੇ ਕਿਸਾਨਾਂ ਨੂੰ ਨਾਲ ਰੱਖਣ ਦੇ ਯਤਨ ਦੇ ਨਾਲ ਨਾਲ ਆਪਣੀ ਸਿਆਸੀ ਪੈਂਤਰੇਬਾਜੀ ਤੇਜ ਕਰ ਰਹੇ ਹਨ।

ਅਰਵਿੰਦਰ ਕੇਜਰੀਵਾਲ


ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਕੌਡੀ ਫੇਰਾ ਹੈ। ਹਰ ਫੇਰੇ ਉੱਤੇ ਉਹ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਹਨ। ਕਦੇ ਬਿਜਲੀ ਸਸਤੀ ਕਰਨ ਦੇ ਮੁੱਦੇ, ਕਦੇ ਔਰਤਾਂ ਨੂੰ ਖੁਸ਼ ਕਰਨ ਲਈ ਬੰਨ੍ਹਵੀਂ ਰਾਸ਼ੀ ਤੇ ਕਦੇ ਆਟੋ ਚਾਲਕਾਂ ਦਾ ਭਰਾ ਬਣਕੇ ਕੇਜਰੀਵਾਲ ਹਰ ਹੀਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਝੰਡਾ ਗੱਡਣ ਲਈ ਤਿਆਰੀ ਬੰਨ੍ਹੀ ਬੈਠਾ ਹੈ। ਕੇਜਰੀਵਾਲ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਸਵਾਲ ਕਰਨਾ ਸਿੱਖ ਗਏ ਹਨ ਤੇ ਇਨ੍ਹਾਂ ਨੂੰ ਤਕਨੀਕੀ ਤੇ ਤੱਥਾਂ ਵਾਲੀ ਜਾਣਕਾਰੀ ਦੇ ਐਲਾਨਾਂ ਨਾਲ ਹੀ ਬੰਨਿਆਂ ਜਾ ਸਕਦਾ ਹੈ। ਕੇਜਰੀਵਾਲ ਪੰਜਾਬ ਅੰਦਰ ਆਪਣੀ ਜੰਗ ਬ੍ਰਿਗੇਡ ਉੱਤੇ ਵੀ ਮਾਣ ਕਰਦੇ ਹਨ ਤੇ ਦਿੱਲੀ ਨੂੰ ਦਿੱਤੀਆਂ ਸਹੂਲਤਾਂ ਦੇ ਹਵਾਲਿਆਂ ਉੱਤੇ ਵੀ। ਪਰ 2022 ਦੀਆਂ ਚੋਣਾਂ ਇਸ ਵਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਦੀ ਹੋ ਕੇ ਜਾਣੀਆਂ ਹਨ, ਇਸ ਪ੍ਰਤੀ ਕੇਜਰੀਵਾਲ ਕੀ ਰਣਨੀਤੀ ਘੜ੍ਹਦੇ ਹਨ, ਇਹ ਵਕਤ ਹੀ ਦੱਸੇਗਾ।