Punjab

ਕੇਂਦਰ ਦੇ ਨਵੇਂ ਨਿਯਮਾਂ ਨੇ ਪੰਜਾਬ ਦੇ ਸਿਹਤ ਵਿਭਾਗ ਨੂੰ ਕੀਤਾ ਪਰੇਸ਼ਾਨ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਸਬੰਧੀ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ ਭੰਬਲਭੂਸਾ ਪੈਦਾ ਕਰਨ ਵਾਲੇ ਹਨ। ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕਰੋਨਾ ਪ੍ਰਭਾਵਿਤ ਵਿਅਕਤੀਆਂ ਦਾ ਪੁਰਾਣੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਇਲਾਜ ਅਤੇ ਏਕਾਂਤ ’ਚ ਰੱਖਣ ਦਾ ਬੰਦੋਬਸਤ ਕੀਤਾ ਜਾਵੇਗਾ।

ਕੇਂਦਰ ਸਰਕਾਰ ਨੇ ਬੀਤੇ ਦਿਨ ਜਾਰੀ ਦਿਸ਼ਾ ਨਿਰਦੇਸ਼ਾਂ ’ਚ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੁੰ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਤਾਂ ਪੁਸ਼ਟੀ ਹੋ ਜਾਂਦੀ ਹੈ ਪਰ ਬਾਹਰੀ ਤੌਰ ’ਤੇ ਲੱਛਣ ਦਿਖਾਈ ਨਹੀਂ ਦਿੰਦੇ ਭਾਵ ਖੰਘ, ਬੁਖ਼ਾਰ ਜਾਂ ਹੋਰ ਕੋਈ ਲੱਛਣ ਤਾਂ ਸਬੰਧਤ ਵਿਅਕਤੀ ਨੂੰ ਆਪਣੇ ਹੀ ਘਰ ਦੇ ਅੰਦਰ ਏਕਾਂਤ ’ਚ ਰਹਿਣ ਅਤੇ ਹਸਤਪਾਲ ਤੋਂ ਵੀ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਬਿਨਾਂ ਪਰਖ ਕੀਤਿਆਂ 10 ਦਿਨਾਂ ਬਾਅਦ ਛੁੱਟੀ ਕਰ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਉਲਟ ਰਾਜ ਸਰਕਾਰ ਦੇ ਸਿਹਤ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਤਾਜ਼ਾ ਨਿਰਦੇਸ਼ ਆਪਾ ਵਿਰੋਧੀ ਹਨ। ਸਭ ਤੋਂ ਪਹਿਲਾਂ ਤਾਂ ਕੇਂਦਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਨੂੰ 14 ਦਿਨ ਲਈ ਏਕਾਂਤਵਾਸ ’ਚ ਰੱਖਣਾ ਹੈ ਜਦੋਂਕਿ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਵਿੱਚ ਬਾਹਰੀ ਤੌਰ ’ਤੇ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਪਰ ਕਈ ਵਾਰੀ ਇਨ੍ਹਾਂ ਵਿਅਕਤੀਆਂ ਵਿੱਚ ਟੈਸਟ ਤੋਂ ਬਾਅਦ ਲਾਗ ਦੇ ਲੱਛਣ ਪਾਏ ਜਾਂਦੇ ਹਨ।

ਪੰਜਾਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਪਹਿਲਾਂ ਵਾਲੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜਿਵੇਂ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਪੰਜਾਬੀ ਜੋ ਕਿਸੇ ਸਮੂਹ ਦੇ ਰੂਪ ਵਿੱਚ ਆਉਣਗੇ ਤਾਂ ਸਭ ਦੇ ਟੈਸਟ ਕੀਤੇ ਜਾਣਗੇ। ਜਿਨ੍ਹਾਂ ’ਚ ਲਾਗ ਦੇ ਲੱਛਣ ਮਿਲਣਗੇ ਉਨ੍ਹਾਂ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਸੂਬਿਆਂ ਤੋਂ ਜੇਕਰ ਕੋਈ ਗਰੁੱਪ ਦੀ ਥਾਂ ਇਕੱਲਾ-ਦੁਕੱਲਾ ਆਉਂਦਾ ਹੈ ਤਾਂ ਲੱਛਣਾਂ ਦੇ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇਸ ਸਮੇਂ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਅਕਤੀ ਨੂੰ ਮਰੀਜ਼ ਮੰਨ ਕੇ ਆਈਸੋਲੇਸ਼ਨ ਕੇਂਦਰ ਵਿੱਚ ਰੱਖਿਆ ਜਾਂਦਾ ਹੈ ਤੇ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਹੀ ਘਰ ਭੇਜਿਆ ਜਾਂਦਾ ਹੈ।