Punjab

ਮੁਲਾਜ਼ਮਾਂ ਨੂੰ ਦਿਵਾਲੀ ਤੋਂ ਪਹਿਲਾਂ 11 ਫੀਸਦੀ ਡੀਏ ਦਾ ਤੋਹਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਤੋਂ ਪੰਜਾਬ ਵਿੱਚ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਕਰ ਦਿੱਤੀ ਗਈ ਹੈ ਅਤੇ ਮੁਲਾਜ਼ਮਾਂ ਨੂੰ 11 ਫੀਸਦੀ ਮਹਿੰਗਾਈ ਭੱਤਾ ਮਿਲਣਾ ਸ਼ੁਰੂ ਹੋ ਜਾਵੇਗਾ। ਸਰਕਾਰ ਉੱਤੇ ਮਹਿੰਗਾਈ ਭੱਤੇ ਦਾ 440 ਕਰੋੜ ਰੁਪਏ ਦਾ ਵਿੱਤੀ ਬੋਝ ਵੱਧ ਜਾਵੇਗਾ। ਚੰਨੀ ਜਿਹੜੇ ਕਿ ਅੱਜ ਪਹਿਲਾਂ ਨਾਲੋਂ ਵੱਧ ਕਾਨਫੀਡੈਂਟ ਨਜ਼ਰ ਆ ਰਹੇ ਸਨ, ਨੇ ਕਿਹਾ ਕਿ ਮਹਿੰਗਾਈ ਭੱਤੇ ਦੇ ਫੈਸਲੇ ਨਾਲ ਮੁਲਾਜ਼ਮ ਬਾਗੋ-ਬਾਗ ਹੋ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਵਾਪਸ ਲੈਣ ਲਈ ਵੀ ਰਜ਼ਾਮੰਦੀ ਦੇ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਇੱਕੋ ਵਾਰ ਵਿੱਚ ਮੁਲਾਜ਼ਮਾਂ ਦੇ ਡੀਏ ਵਿੱਚ 11 ਫੀਸਦ ਵਾਧਾ ਕੀਤਾ ਗਿਆ ਹੈ। ਵਾਧਾ ਪਹਿਲੀ ਜੁਲਾਈ ਤੋਂ ਮੰਨਿਆ ਜਾਵੇਗਾ। ਉਂਝ, ਖਬਰ ਪੜ੍ਹੇ ਜਾਣ ਤੱਕ ਮੁਲਾਜ਼ਮਾਂ ਵੱਲੋਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਪਹਿਲਾਂ ਹੀ 1 ਨਵੰਬਰ ਨੂੰ ਇਤਿਹਾਸਕ ਐਲਾਨ ਕਰਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਗਰਮਾ-ਗਰਮ ਸਿਆਸਤ ਚੱਲ ਰਹੀ ਸੀ। ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਅਕਾਲੀ ਦਲ 400 ਯੂਨਿਟ ਤੱਕ ਇਸ਼ਾਰਾ ਕਰਨ ਲੱਗਾ ਸੀ ਪਰ ਮੁੱਖ ਮੰਤਰੀ ਨੇ ਇਹ ਕਹਿ ਕੇ ਮਾਮਲੇ ਦਾ ਭੋਗ ਪਾ ਦਿੱਤਾ ਕਿ ਲੋਕ ਮੁਫਤ ਨਹੀਂ, ਟਿਕਾਊ ਬਿਜਲੀ ਚਾਹੁੰਦੇ ਹਨ।

ਪੰਜਾਬ ਦੇ ਮੁਲਾਜ਼ਮ ਜਾਂ ਡੀਏ 19 ਮਹੀਨੇ ਤੋਂ ਲਟਕਿਆ ਆ ਰਿਹਾ ਸੀ। ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਨਰਾਜ਼ ਚੱਲ ਰਹੇ ਸਨ। ਮੁਲਾਜ਼ਮਾਂ ਵੱਲੋਂ ਕੱਚਿਆਂ ਨੂੰ ਪੱਕਾ ਕਰਨ, ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਮੰਗ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਚੰਨੀ ਸਰਕਾਰ ਨੇ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਦੇ ਕੇ ਕਿਸੇ ਹੱਦ ਤੱਕ ਸ਼ਾਂਤ ਕਰ ਦਿੱਤਾ ਹੈ।