‘ਦ ਖ਼ਾਲਸ ਟੀਵੀ ਬਿਊਰੋ:-ਅਕਸਰ ਸਿਆਸੀ ਲੀਡਰ ਆਪਣੀ ਬੱਲੇ ਬੱਲੇ ਕਰਵਾਉਣ ਲਈ ਇਸ਼ਤਿਹਾਰਬਾਜੀ ਉੱਤੇ ਲੱਖਾਂ ਕਰੋੜਾਂ ਰੁਪਏ ਖਰਚਦੇ ਹਨ। ਇਹ ਪੈਸੇ ਜਨਤਾ ਦੀ ਜੇਬ੍ਹ ਵਿਚੋਂ ਹੀ ਜਾਂਦਾ ਹੈ, ਜਿਹੜਾ ਸਰਕਾਰੀ ਖਜਾਨੇ ਵਿੱਚੋਂ ਵਰਤਿਆ ਜਾਂਦਾ ਹੈ। ਤਾਜਾ ਅੰਕੜਿਆਂ ਅਨੁਸਾਰ ਪੰਜਾਬ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਕਰੀਬ ਢਾਈ ਅਰਬ ਰੁਪਏ ਖ਼ਰਚ ਦਿਤੇ ਹਨ ਤੇ ਦੂਜੇ ਪਾਸੇ ਸਰਕਾਰਾਂ ਖਜਾਨਾ ਖਾਲੀ ਹੋਣ ਦਾ ਡੌਰੀ ਪਿੱਟਦੀਆਂ ਰਹਿੰਦੀਆਂ ਹਨ।
ਜਾਣਕਾਰੀ ਅਨੁਸਾਰ ਸਭ ਤੋਂ ਵੱਧ ਪੈਸਾ ਸਿਆਸੀ ਲੀਡਰ ਸਰਕਾਰੀ ਦੀ ਪ੍ਰਾਪਤੀਆਂ ਦੱਸਣ ਲਈ ਚੋਣਾਂ ਵੇਲੇ ਖਰਚਦੇ ਹਨ। ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇਨ੍ਹਾਂ ਇਸ਼ਤਿਹਾਰਾਂ ਦੀ ਥੋੜ੍ਹੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪਿ੍ੰਟ ਮੀਡੀਆ ਵਿਚ ਹੀ ਖ਼ਰਚੀ ਗਈ ਹੈ ਜਦੋਂ ਕਿ ਇਲੈਕਟਰੋਨਿਕ ਤੇ ਸੋਸ਼ਲ ਮੀਡੀਆ ਦੀ ਰਾਸ਼ੀ ਦਾ ਹਿਸਾਲ ਵੱਖਰਾ ਹੈ।
ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸ਼ਤਿਹਾਰਾਂ ਤੇ ਵਧਾਈ ਸੰਦੇਸ਼ਾਂ ਆਦਿ ‘ਤੇ ਪ੍ਰਿੰਟ ਮੀਡੀਆ ਉਪਰ ਕੁਲ ਖ਼ਰਚ 2,40,44,31,854 ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਖ਼ਾਲੀ ਖ਼ਜ਼ਾਨੇ ਵਾਲੇ ਪੰਜਾਬ ‘ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ‘ਤੇ ਵੀ 23 ਕਰੋੜ ਰੁਪਏ ਤੋਂ ਵੱਧ ਰੁਪਏ ਖ਼ਰਚੇ ਗਏ ਹਨ। ਉਧਰ ਸ਼ਹਿਰ ਦੇ ਉਘੇ ਆਰਟੀਆਈ ਕਾਰਕੁਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬੇ ਨਾਨਕ, ਕੋਰੋਨਾ ਤੇ ਪਰਾਲੀ ਸੜਾਉਨ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿਲਾਂ ਦਾ ਖ਼ਰਚਾ ਸਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁੱਕਿਆ ਗਿਆ।