India Punjab

ਝੋਨੇ ਨੂੰ ਮੰਡੀ ਵਿੱਚ ਅੱਗ ਲਗਾਉਣ ਦੀ ਕਿਉਂ ਆਈ ਨੌਬਤ, ਪੜ੍ਹੋ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ:- ਲਖੀਮਪੁਰ ਖੀਰੀ ਵਿੱਚ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਕਿਸਾਨ ਸਮੋਘ ਸਿੰਘ ਨੂੰ ਅਖੀਰ ਅੱਗ ਲਗਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਹਾਲਾਤ ਇਹ ਹਨ ਕਿ ਸੂਬੇ ਦੀ ਸੱਤਾਧਾਰੀ ਭਾਜਪਾ ਦੇ ਲੀਡਰ ਵੀ ਇਹ ਮਸਲਾ ਚੁੱਕ ਚੁੱਕੇ ਹਨ।

ਪਰੇਸ਼ਾਨ ਹੋਏ ਕਿਸਾਨ ਵੱਲੋਂ ਲਗਾਈ ਝੋਨੇ ਦੀ ਫਸਲ ਨੂੰ ਅੱਗ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਭਾਜਪਾ ਆਗੂ ਅਤੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਵੀ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਵਰੁਣ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਕਿਸਾਨ ਸਮੋਘ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੀ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਮਾਰੇ-ਮਾਰੇ ਫਿਰ ਰਹੇ ਸਨ। ਜਦੋਂ ਝੋਨਾ ਨਹੀਂ ਵਿਕਿਆ ਤਾਂ ਨਿਰਾਸ਼ ਹੋ ਕੇ ਉਨ੍ਹਾਂ ਨੇ ਖ਼ੁਦ ਹੀ ਅੱਗ ਲਗਾ ਦਿੱਤੀ।

ਇਸੇ ਤਰ੍ਹਾਂ ਕਾਂਗਰਸ ਦੀ ਸੀਨੀਅਰ ਲੀਡਰ ਪ੍ਰਿਅੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਖ਼ਬਰ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਝੋਨਾ ਲਖੀਮਪੁਰ ਖੀਰੀ ਵਿੱਚ ਬਦਇੰਤਜ਼ਾਮੀ ਕਾਰਨ ਲਖੀਮਪੁਰ ਦੇ ਇੱਕ ਕਿਸਾਨ ਨੂੰ ਮੰਡੀ ਵਿੱਚ ਪਏ ਝੋਨੇ ਨੂੰ ਅੱਗ ਲਾਉਣੀ ਪਈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਤਿੰਨ ਅਕਤੂਬਰ ਨੂੰ ਉੱਥੇ ਹਿੰਸਾ ਹੋ ਗਈ। ਖ਼ਰੀਦ ਵਿੱਚ ਦੇਰੀ ਹੋਣ ਦਾ ਮਸਲਾ ਲਖੀਮਪੁਰ ਖੀਰੀ ਦੇ ਹੀ ਹਲਕਾ ਗੋਲਾ ਗੋਰਖਨਾਥ ਤੋਂ ਭਾਜਪਾ ਵਿਧਾਇਕ ਅਰਵਿੰਦਰ ਗੀਰੀ ਨੇ ਚੁੱਕਿਆ ਸੀ। ਉਨ੍ਹਾਂ ਦੇ ਬੋਲਣ ਤੋਂ ਬਾਅਦ ਪ੍ਰਸ਼ਾਸਨ ਨੇ ਸਫ਼ਾਈ ਵਿੱਚ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਦੇਰੀ ਤਿੰਨ ਅਕਤੂਬਰ ਦੀ ਘਟਨਾ ਤੋਂ ਬਾਅਦ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਕਾਰਨ ਹੋਈ ਹੈ। ਇਕ ਹੋਰ ਮਾਮਲੇ ਵਿਚ ਖਾਦ ਵੰਡ ਪ੍ਰਣਾਲੀ ਵਿੱਚ ਬਦਇੰਤਜ਼ਾਮੀ ਝੱਲਦਿਆਂ ਲਲਿਤਪੁਰ ਦੇ ਇੱਕ ਕਿਸਾਨ ਦੀ ਲਾਈਨ ਵਿੱਚ ਖੜ੍ਹੇ ਦੀ ਮੌਤ ਹੋ ਗਈ।