‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਦੀ ਮੀਟਿੰਗ ਹੋਈ ਹੈ ਅਤੇ ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ਵਿੱਚ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਿਲ ਸਨ। ਮੀਟਿੰਗ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਉਸ ਫੈਸਲੇ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ਨੂੰ ਲਖੀਮਪੁਰ ਘਟਨਾ ਮਾਮਲੇ ਵਿੱਚ ਇੱਕ ਦੋਸ਼ੀ ਦੇ ਘਰ ਦਾ ਦੌਰਾ ਕਰਨ ‘ਤੇ ਇੱਕ ਮਹੀਨੇ ਲਈ ਬਰਖਾਸਤ ਕੀਤਾ ਹੈ। ਚੜੂਨੀ ਨੇ ਕਿਹਾ ਕਿ ਬੀਕੇਐੱਮਐੱਫ (ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ) ਨੇ ਕਿਹਾ ਕਿ ਜਾਣਕਾਰੀ ਮੁਤਾਬਕ ਹਾਲੇ ਤੱਕ ਯੋਗੇਂਦਰ ਯਾਦਵ ਨੇ ਮੁਆਫੀ ਨਹੀਂ ਮੰਗੀ ਹੈ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਅਪੀਲ ਕੀਤੀ ਕਿ ਜੇਕਰ ਯੋਗੇਂਦਰ ਯਾਦਵ ਮੁਆਫੀ ਨਹੀਂ ਮੰਗਣਗੇ ਤਾਂ ਉਨ੍ਹਾਂ ਨੂੰ ਕਿਸਾਨ ਮੋਰਚੇ ਵਿੱਚ ਸਥਾਈ ਤੌਰ ‘ਤੇ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ਵਿੱਚ ਯੂਪੀ ਮਿਸ਼ਨ ਦੇ ਅੰਤਰਗਤ ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਅਜੈ ਮਿਸ਼ਰਾ ਟੈਨੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬੀਕੇਐੱਮਐੱਫ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨ ਸੰਗਠਨ 14 ਨਵੰਬਰ ਨੂੰ ਪੀਲੀਭੀਤ ਵਿੱਚ ਇੱਕ ਮਹਾਂਪੰਚਾਇਤ ਦਾ ਆਯੋਜਨ ਕਰਨਗੇ, ਜਿਸਦੀ ਅਗਵਾਈ ਚੜੂਨੀ, ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨ ਲੀਡਰ ਕਰਨਗੇ। ਇਸ ਮਹਾਂਪੰਚਾਇਤ ਦੇ ਪ੍ਰਚਾਰ ਲਈ ਉੱਤਰ ਪ੍ਰਦੇਸ਼ ਵਿੱਚ ਬੀਐੱਮਐੱਫ ਵੱਲੋਂ ਦੂਜੇ ਸੂਬਿਆਂ ਵਿੱਚੋਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 26 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਪੁਲਿਸ ਥਾਣਿਆਂ ਦਾ ਘਿਰਾਉ ਕਰਨ ਦਾ ਅਤੇ ਦੇਸ਼ ਦੇ ਸਾਰੇ ਜ਼ਿਲ੍ਹਾ ਅਤੇ ਤਹਿਸੀਲਾਂ ਅੱਗੇ ਧਰਨਾ ਪ੍ਰਦਰਸ਼ਨ ਵਾਲਾ ਪ੍ਰੋਗਰਾਮ ਟਾਲ ਦਿੱਤਾ ਹੈ, ਜਿਸਨੂੰ ਬੀਕੇਐੱਮਐੱਫ ਦੇ ਸਾਰੇ ਸੰਗਠਨ ਜ਼ੋਰ ਲਾ ਕੇ ਲਾਗੂ ਕਰਨਗੇ।