India Punjab

ਪੁੰਛ ਮੁੱਠ ਭੇੜ ਦੀ ਇਸ ਸਮੂਹ ਨੇ ਲਈ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ ਕਸ਼ਮੀਰ ਦੇ ਪੁੰਛ ਵਿੱਚ ਪਿਛਲੇ ਦਿਨੀਂ ਭਾਰਤੀ ਫੌਜੀਆਂ ਦੇ ਨਾਲ ਹੋਈ ਮੁੱਠਭੇੜ ਦੀ ਜ਼ਿੰਮੇਵਾਰੀ ‘ਪੀਪਲਜ਼ ਐਂਟੀ ਫੈਸਟ ਫਰੰਟ’ ਨਾਂ ਦੇ ਇੱਕ ਸਮੂਹ ਨੇ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮੂਹ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਪਰ ਭਾਰਤੀ ਫੌਜ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਹੈ ਅਤੇ ਇਸ ਵੀਡੀਓ ਨੂੰ ਪ੍ਰੋਪਾਗੈਂਡਾ ਕਰਾਰ ਦਿੱਤਾ ਹੈ। ਵੀਡੀਓ ਵਿੱਚ ਸਮੂਹ ਨੇ ਇੱਕ ਭਾਰਤੀ ਫੌਜੀ ਦਾ ਸਾਮਾਨ ਆਪਣੇ ਕੋਲ ਹੋਣ ਦਾ ਦਾਅਵਾ ਕੀਤਾ ਹੈ। ਦਰਅਸਲ, ਜੰਮੂ ਕਸ਼ਮੀਰ ਦੇ ਪੁੰਛ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਮੁੱਠਭੇੜ ਵਿੱਚ ਕਈ ਨੌਜਵਾਨ ਸ਼ਹੀਦ ਹੋਏ ਹਨ ਅਤੇ ਕੁੱਝ ਨਾਗਰਿਕਾਂ ਦੀ ਵੀ ਹੱ ਤਿਆ ਕੀਤੀ ਗਈ ਹੈ। ਇਸ ਮੁੱਠਭੇੜ ਵਿੱਚ ਪੰਜਾਬ ਦੇ ਜਸਵਿੰਦਰ ਸਿੰਘ, ਮਨਦੀਪ ਸਿੰਘ, ਗੱਜਣ ਸਿੰਘ ਅਤੇ ਸਰਾਜ ਸਿੰਘ ਵੀ ਸ਼ਹੀਦ ਹੋਏ ਹਨ।

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਹਾਲਾਤਾਂ ‘ਤੇ ਕੀਤੀ ਟਿੱਪਣੀ

ਮੇਘਾਲਿਆ ਦੇ ਰਾਜਪਾਲ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ਅੱਤਵਾਦੀ ਜੰਮੂ ਕਸ਼ਮੀਰ ਦੀ ਸਰਹੱਦ ਤੋਂ 50 ਤੋਂ 100 ਕਿਲੋਮੀਟਰ ਤੱਕ ਵੀ ਨਹੀਂ ਆਉਂਦੇ ਸਨ। ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੁਸਤਾਨ ਟਾਈਮਜ਼’ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਚਾਰ ਨਾਗਰਿਕਾਂ ਦੀ ਹੱਤਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਤਿੰਨ ਬਿਹਾਰ ਦੇ ਅਤੇ ਇੱਕ ਉੱਤਰ ਪ੍ਰਦੇਸ਼ ਦਾ ਸੀ। ਮੇਘਾਲਿਆ ਦੇ ਰਾਜਪਾਲ ਵੱਲੋਂ ਇਨ੍ਹਾਂ ਹਾਲਾਤਾਂ ਉੱਪਰ ਹੀ ਟਿੱਪਣੀ ਕੀਤੀ ਗਈ ਹੈ। ਮਲਿਕ ਨੇ ਕਿਸਾਨ ਸੰਘਰਸ਼ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਸਰਕਾਰ ਨੇ ਨਾ ਸੁਣੀ ਤਾਂ ਭਾਜਪਾ ਦੁਬਾਰਾ ਸੱਤਾ ਵਿੱਚ ਨਹੀਂ ਆਵੇਗੀ। ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਮੁੱਲ ਦੇਣ ਲਈ ਸਹਿਮਤ ਹੈ ਤਾਂ ਉਹ ਕਿਸਾਨ ਅਤੇ ਕੇਂਦਰ ਦਰਮਿਆਨ ਵਿਚੋਲਗੀ ਕਰਨ ਨੂੰ ਵੀ ਤਿਆਰ ਹਨ। ਤੁਹਾਨੂੰ ਦੱਸ ਦਈਏ ਕਿ ਸੱਤਿਆਪਾਲ ਮਲਿਕ 2018-2019 ਦੌਰਾਨ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਰਹੇ ਹਨ ਅਤੇ ਉਨ੍ਹਾਂ ਦੇ ਰਾਜਪਾਲ ਹੁੰਦਿਆਂ ਹੀ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾਇਆ ਗਿਆ ਸੀ।

ਕਿਸਨੇ ਕਸ਼ਮੀਰ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਬਿਹਾਰੀਆਂ ‘ਤੇ ਛੱਡਣ ਦੀ ਕੀਤੀ ਮੰਗ

ਜੰਮੂ ਕਸ਼ਮੀਰ ਵਿੱਚ ਬਿਹਾਰ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਿਤੇਨ ਰਾਮ ਮਾਂਝੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੋਸ਼ਲ ਮੀਡੀਆ ਰਾਹੀਂ ਇੱਕ ਅਪੀਲ ਕੀਤੀ ਹੈ।ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜਿਤੇਨ ਰਾਮ ਮਾਂਝੀ ਨੇ ਕਿਹਾ,” ਕਸ਼ਮੀਰ ਵਿੱਚ ਲਗਾਤਾਰ ਨਿਹੱਥੇ ਬਿਹਾਰੀ ਭਰਾਵਾਂ ਦੀ ਹੱਤਿਆ ਕੀਤੀ ਜਾ ਰਹੀ ਹੈ, ਜਿਸ ਨਾਲ ਮਨ ਪਰੇਸ਼ਾਨ ਹੈ। ਜੇਕਰ ਹਾਲਾਤਾਂ ਵਿੱਚ ਬਦਲਾਅ ਨਹੀਂ ਹੋ ਪਾ ਰਿਹਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਬੇਨਤੀ ਹੈ ਕਿ ਕਸ਼ਮੀਰ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਸਾਨੂੰ ਬਿਹਾਰੀਆਂ ਨੂੰ ਦੇ ਦਿਓ।” ਮਾਂਝੀ ਨੇ ਪੰਦਰਾਂ ਦਿਨਾਂ ਵਿੱਚ ਹਾਲਾਤ ਸੁਧਾਰਨ ਦਾ ਦਾਅਵਾ ਵੀ ਕਰ ਦਿੱਤਾ।