Punjab

ਪਰਗਟ ਸਿੰਘ ਨੇ ਕੈਪਟਨ ਦੇ ਸਿਰ ਭੰਨਿਆ ਕੇਂਦਰ ਦੇ ਨਵੇਂ ਫੈਸਲੇ ਦਾ ਭਾਂਡਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਵਿਜੈ ਇੰਦਰ ਸਿੰਗਲਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਖੂਬ ਨਿਸ਼ਾਨੇ ਕੱਸੇ ਹਨ। ਪਰਗਟ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਨੂੰ 50 ਕਿਲੋਮੀਟਰ ਤੱਕ ਕੌਮਾਂਤਰੀ ਹੱਦ ਦਾ ਦਾਇਰਾ ਦੇਣ ਦੇ ਫੈਸਲੇ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਂਦਰ ਵੱਲੋਂ ਅੱਧੇ ਪੰਜਾਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਪਰ ਅਸੀਂ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਪਰਗਟ ਸਿੰਘ ਨੇ ਇਸ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਮੈਂ ਤਾਂ ਹਮੇਸ਼ਾ ਕਹਿੰਦਾ ਸੀ ਕਿ ਉਹ ਬੀਜੇਪੀ ਦੇ ਨਾਲ ਹੀ ਹਨ। ਕੈਪਟਨ ਪਹਿਲਾਂ ਜਦੋਂ ਬੀਜੇਪੀ ਕੋਲ ਦਿੱਲੀ ਗਏ ਸਨ, ਉਦੋਂ ਝੋਨੇ ਦੀ ਖਰੀਦ 10 ਦਿਨ ਲੇਟ ਕਰਵਾਈ। ਤੇ ਹੁਣ ਫਿਰ ਜਦੋਂ ਗਏ ਤਾਂ ਇਹ ਵਾਲੀ ਸ਼ਰਾਰਤ ਕਰ ਦਿੱਤੀ। ਹੁਣ ਗਏ ਤਾਂ ਬੀਐੱਸਐੱਫ ਦਾ ਅਧਿਕਾਰ ਵਧਾ ਆਏ। ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ “ਕੈਪਟਨ ਅਮਰਿੰਦਰ ਸਿੰਘ ਜੀ, ਇੱਦਾਂ ਨਾ ਕਰੋ। ਅਸੀਂ ਤੁਹਾਨੂੰ ਵੱਡੇ ਲੀਡਰ ਦੇ ਸਤਿਕਾਰ ਵਜੋਂ ਵੇਖਦੇ ਹਾਂ। ਪਰ ਇਸ ਸਮੇਂ ਬੀਜੇਪੀ ਨਾਲ ਰਲ ਕੇ ਪੰਜਾਬ ਪ੍ਰਤੀ ਇੱਦਾਂ ਦੀਆਂ ਗੱਲਾਂ ਨਾ ਕਰੋ। ਕੈਪਟਨ ਦੀ ਮਨਸ਼ਾ ਪੰਜਾਬ ਵਿੱਚ ਗਵਰਨਰ ਰਾਜ ਲਗਵਾਉਣ ਦੀ ਹੈ।”

ਪਰਗਟ ਸਿੰਘ ਨੇ ਬੀਜੇਪੀ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ “ਬੀਜੇਪੀ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਅੱਧੇ ਪੰਜਾਬ ‘ਤੇ ਬੀਜੇਪੀ ਦਾ ਕਬਜ਼ਾ ਕਰਵਾਉਂਦੇ ਹੋ ਤਾਂ ਤੁਹਾਡੀ ਮਨਸ਼ਾ ਸਾਫ ਹੋ ਜਾਂਦੀ ਹੈ ਕਿ ਤੁਸੀਂ ਪੰਜਾਬ ਵਿੱਚ ਗਵਰਨਰ ਰੂਲ ਲਾਗੂ ਕਰਨਾ ਚਾਹੁੰਦੇ ਹੋ। ਪਰਗਟ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦਾ ਨੁਕਸਾਨ ਪਹਿਲਾਂ ਬਹੁਤ ਹੋ ਚੁੱਕਿਆ ਹੈ। ਪੰਜਾਬ ਨੂੰ ਤੁਸੀਂ 2022 ਜਾਂ 2024 ਲਈ ਕਿਸੇ ਹੋਰ ਪਾਸੇ ਨੂੰ ਨਾ ਤੋਰੋ।

ਵਿਜੈ ਇੰਦਰ ਸਿੰਗਲਾ ਨੇ ਵੀ ਕਿਹਾ ਕਿ ਪੰਜਾਬ ਨੇ ਹਮੇਸ਼ਾ ਵੱਡੀ ਤੋਂ ਵੱਡੀ ਲੜਾਈ ਵਿੱਚ ਮਿਲ ਕੇ ਹਿੱਸਾ ਪਾਇਆ ਹੈ। ਪੰਜਾਬ ਇਕੱਠੇ ਹੋ ਕੇ ਸੰਘਰਸ਼ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਸਿੰਗਲਾ ਨੇ ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਜੇ ਮਿਸ਼ਰਾ ਹਾਲੇ ਵੀ ਕੇਂਦਰ ਵਿੱਚ ਮੰਤਰੀ ਹਨ ਅਤੇ ਅਜੇ ਮਿਸ਼ਰਾ ਦੇ ਮੰਤਰੀ ਰਹਿੰਦਿਆਂ ਇਨਸਾਫ ਕਿਵੇਂ ਮਿਲ ਸਕਦਾ ਹੈ। ਕੇਂਦਰ ਸੰਘੀ ਢਾਂਚੇ ਨੂੰ ਢਾਹ ਲਾ ਰਿਹਾ ਹੈ। ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ।

ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਦੋ ਟਵੀਟ ਕਰਕੇ ਕਿਹਾ ਸੀ ਕਿ ਸਾਡੇ ਜਵਾਨ ਕਸ਼ਮੀਰ ਵਿੱਚ ਮਾਰੇ ਜਾ ਰਹੇ ਹਨ। ਅਸੀਂ ਦੇਖ ਰਹੇ ਹਾਂ ਕਿ ਪਾਕਿ ਸਮਰਥਿਤ ਅੱਤਵਾਦੀਆਂ ਦੁਆਰਾ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਅਤੇ ਨਸ਼ੀਲੀਆਂ ਦਵਾਈਆਂ ਪੰਜਾਬ ਵਿੱਚ ਧੱਕੀਆਂ ਜਾ ਰਹੀਆਂ ਹਨ। ਬੀਐਸਐਫ ਦੀ ਵਧੀ ਹੋਈ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਣਗੀਆਂ। ਕੇਂਦਰੀ ਹਥਿਆਰਬੰਦ ਬਲਾਂ ਨੂੰ ਰਾਜਨੀਤੀ ਵਿੱਚ ਨਹੀਂ ਖਿੱਚਣਾ ਚਾਹੀਦਾ।

ਦੂਜੇ ਟਵੀਟ ਵਿੱਚ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਵਿਚਾਰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਸਾਡੇ ਸਟੈਂਡ ਨੂੰ ਨਿਰਧਾਰਿਤ ਨਹੀਂ ਕਰ ਸਕਦੇ। ਇਹ ਮੈਂ ਉਸ ਵੇਲੇ ਵੀ ਕਿਹਾ ਸੀ ਜਦੋਂ ਮੈਂ 2016 ਵਿੱਚ ਇੱਕ ਸਰਜੀਕਲ ਸਟ੍ਰਾਈਕ ਵਿੱਚ ਸ਼ਾਮਿਲ ਸੀ। ਜਦੋਂ ਭਾਰਤ ਦੀ ਸੁਰੱਖਿਆ ਦਾਅ ‘ਤੇ ਹੋਵੇ, ਉਦੋਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ।