‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ‘ਤੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸੀਐੱਮ ਚੰਨੀ ਨੇ ਅੱਧਾ ਪੰਜਾਬ ਕੇਂਦਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ 50 ਹਜ਼ਾਰ ਸਕਵੇਅਰ ਕਿਲੋਮੀਟਰ ਤੋਂ ਅੱਧਾ ਏਰੀਆ ਬੀਐੱਸਐੱਫ ਨੂੰ ਸੌਂਪ ਦਿੱਤਾ ਗਿਆ ਹੈ। ਕੀ ਅਣਜਾਣੇ ਵਿੱਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਗਿਆ ਹੈ? ਕੀ ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੇਗੀ? ਇਸ ਟਵੀਟ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀਐੱਮ ਚੰਨੀ ਦੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸਾਰਾ ਪੰਜਾਬ ਸੂਬਾ ਬੀਐੱਸਐੱਫ ਦੇ ਹਵਾਲੇ ਕਰਨ ਦਾ ਕੇਂਦਰ ਸਰਕਾਰ ਦਾ ਇੱਕ ਕੋਝਾ ਯਤਨ ਹੈ। ਕੇਂਦਰ ਸਰਕਾਰ ਸਰਹੱਦੀ ਸੂਬੇ ਪੰਜਾਬ ਵਿੱਚ ਅਸਿੱਧੇ ਤੌਰ ‘ਤੇ ਰਾਜ ਕਰਨਾ ਚਾਹੁੰਦੀ ਹੈ। ਕੇਂਦਰ ਨੇ ਬਾਰਡਰ ਦਾ ਬਹਾਨਾ ਲਾ ਕੇ ਤਕਰੀਬਨ ਸਾਰਾ ਪੰਜਾਬ ਆਪਣੇ ਹਵਾਲੇ ਲੈ ਲਿਆ। ਚੀਮਾ ਨੇ ਕੇਂਦਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣ ਲਈ ਕਿਹਾ।