India Punjab

ਦਿੱਲੀ ਕਮੇਟੀ ਜ਼ਮੀਨ ਖਰੀਦ ਕੇ ਸ਼ਹੀਦ ਕਿਸਾਨਾਂ ਦੀ ਯਾਦ ‘ਚ ਬਣਾਏਗੀ ਸਮਾਰਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਯੂਪੀ ਦੇ ਤਿਕੋਨੀਆ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਫੈਸਲਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਖੀਮਪੁਰ ਖੀਰੀ ਵਿੱਚ ਜਿੱਥੇ ਹਾਦਸਾ ਵਾਪਰਿਆ, ਜਿੱਥੇ ਕਿਸਾਨਾਂ ਦਾ ਕਤਲੇਆਮ ਕੀਤਾ ਗਿਆ, ਉਸ ਅਸਥਾਨ ‘ਤੇ ਜਗ੍ਹਾ ਲੈ ਕੇ ਸ਼ਹੀਦਾਂ ਦਾ ਇੱਕ ਸਮਾਰਕ ਬਣਾਇਆ ਜਾਵੇਗਾ। ਸਮਾਗਮ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਆਪ ਇਹ ਐਲਾਨ ਸੰਗਤ ਦੇ ਸਾਹਮਣੇ ਕੀਤਾ।

ਸਿਰਸਾ ਨੇ ਕਿਹਾ ਕਿ ਇਹ ਯਾਦਗਾਰ ਆਉਣ ਵਾਲੇ ਸਮੇਂ ਤੱਕ ਸਰਕਾਰਾਂ ਤੇ ਨਵੀਂ ਪੀੜੀ ਨੂੰ ਵੀ ਯਾਦ ਕਰਾਏਗੀ ਕਿ ਜਦੋਂ ਸਰਕਾਰ ਨੇ ਸਾਡੇ ‘ਤੇ ਜ਼ਬਰ ਤੇ ਜ਼ੁਲਮ ਢਾਹਿਆ ਤਾਂ ਅਸੀਂ ਡਰੇ ਨਹੀਂ ਤੇ ਦਬੇ ਨਹੀਂ ਬਲਕਿ ਯਾਦਗਾਰ ਦੇ ਰੂਪ ਵਿੱਚ ਇਸ ਜ਼ੁਲਮ ਦੀ ਨਿਸ਼ਾਨੀ ਸੰਭਾਲੀ ਹੈ। ਉਹਨਾਂ ਕਿਹਾ ਕਿ ਕਮੇਟੀ ਵੱਲੋਂ ਜਲਦੀ ਤੋਂ ਜਲਦੀ ਇਹ ਕਤਲੇਆਮ ਵਾਲੀ ਥਾਂ ‘ਤੇ ਜ਼ਮੀਨ ਖਰੀਦੀ ਜਾਵੇਗੀ ਤੇ ਇਹ ਯਾਦਗਾਰ ਵੀ ਅਜਿਹੀ ਉਸਾਰੀ ਜਾਵੇਗੀ, ਜੋ ਸਰਕਾਰ ਦੀ ਧੱਕੇਸ਼ਾਹੀ ਵੀ ਬਿਆਨ ਕਰੇਗੀ।