‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਗਏ। ਸਿੱਧੂ ਨੇ ਅੱਜ ਕਥਿਤ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਤੋਂ ਬਾਅਦ ਸਵੇਰੇ ਭੁੱਖ ਹੜਤਾਲ ਖਤਮ ਕਰ ਦਿੱਤੀ। ਉਨ੍ਹਾਂ ਨੇ ਇੱਕ ਛੋਟੀ ਬੱਚੀ ਤੋਂ ਦੁੱਧ ਦਾ ਗਿਲਾਸ ਪੀ ਕੇ ਆਪਣਾ ਵਰਤ ਤੋੜਿਆ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ‘ਤੇ ਟਵੀਟ ਕਰਦਿਆਂ ਕਿਹਾ ਕਿ “ਇਹ ਹੜਤਾਲ ਰਾਤ 9.30 ਵਜੇ ਤੋਂ ਸਵੇਰੇ 7.30 ਵਜੇ ਤੱਕ ਹੀ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਗੂੜੀ ਨੀਂਦ ਸੁੱਤੇ। ਜਿਵੇਂ ਹੀ ਸਵੇਰ ਦੀ ਅਖਬਾਰ ਆਈ ਤਾਂ ਭਗਵੰਤ ਸਿੰਘ ਦੇ ਇਸ ਪੁੱਤ ਨੇ ਪਰੌਂਠਿਆਂ ਨਾਲ ਇਸ ਭੁੱਖ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਸਿੱਧੂ ਦੀ ਇਸ ਭੁੱਖ ਹੜਤਾਲ ਨੂੰ ਡਰਾਮਾ, ਝੂਠ ਤੇ ਹਉਮੈ ਦਾ ਹਿੱਸਾ ਦੱਸਿਆ। ਅਖੀਰ ਵਿੱਚ ਉਨ੍ਹਾਂ ਨੇ ਨਵਜੋਤ ਸਿੱਧੂ ਦੇ ਤਕੀਆ ਕਲਾਮ ‘ਠੋਕੋ ਤਾਲੀ’ ‘ਤੇ ਸਿੱਧੂ ਦੀ ਭੁੱਖ ਹੜਤਾਲ ‘ਤੇ ਟਿੱਚਰ ਕਰਦਿਆਂ ਲਿਖਿਆ ‘ਠੋਕੋ ਥਾਲੀ’।”